ਟਾਂਡਾ ਉੜਮੁੜ, 7 ਮਈ (ਕੁਲਬੀਰ ਸਿੰਘ ਗੁਰਾਇਆ)- ਪਿੰਡ ਬਹਿਰਾਮ ਸਰਿਸ਼ਤਾ ਤੋਂ ਭੋਗਪੁਰ ਦੀ ਸੜਕ ਜੋ ਕਿ ਠੇਕੇਦਾਰ ਵਲੋਂ ਲਗਭਗ ਦੋ ਮਹੀਨੇ ਪਹਿਲਾਂ ਚੌੜੀ ਕਰਨ ਲਈ ਪੁੱਟੀ ਗਈ ਸੀ ਨਾ ਤਾਂ ਠੇਕੇਦਾਰ, ਸਬੰਧਿਤ ਵਿਭਾਗ ਅਤੇ ਨਾ ਹੀ ਕਿਸੇ ਰਾਜਨੀਤਿਕ ਲੀਡਰ ਵਲੋਂ ਪੁੱਟੀ ਗਈ ਇਸ ਸੜਕ ਦੀ ਸਾਰ ਲਈ ਗਈ ਜਦ ਕਿ ਬਹਿਰਾਮ ਸਰਿਸ਼ਤਾ ਤੋਂ ਭੋਗਪੁਰ ਨੂੰ ਆਵਾਜਾਈ ਜ਼ਿਆਦਾ ਹੁੰਦੀ ਹੈ ਉੱਥੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਸਬੰਧੀ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਵੀ ਕਿਹਾ ਪਰ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਤੋਂ ਲੱਗਦਾ ਹੈ ਕਿ ਅਧਿਕਾਰੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ | ਇਸ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਦਾ ਕਹਿਣਾ ਹੈ ਕਿ ਇਹ ਸੜਕ ਹੁਣ ਹਾਦਸਿਆਂ ਦਾ ਘਰ ਬਣਦੀ ਜਾ ਰਹੀ ਹੈ ਅਤੇ ਹਰ ਵੇਲੇ ਕਿਸੇ ਵੱਡੇ ਨੁਕਸਾਨ ਦਾ ਡਰ ਬਣਿਆ ਹੋਇਆ ਹੈ | ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਸੜਕ ਨੂੰ ਪੱਟਣ ਤੋਂ ਬਾਅਦ ਕਿਸੇ ਨੇ ਵੀ ਦੁਬਾਰਾ ਇਸ ਸੜਕ ਵੱਲ ਨਹੀਂ ਦੇਖਿਆ ਅਤੇ ਨਾ ਹੀ ਉਸ 'ਤੇ ਮੁਰੰਮਤ ਜਾਂ ਪੱਕਾ ਕੰਮ ਕੀਤਾ ਗਿਆ ਜਿਸ ਕਾਰਨ ਥਾਂ-ਥਾਂ ਪੁੱਟੀ ਹੋਈ ਸੜਕ ਕਰਕੇ ਵਾਹਨਾਂ ਦੀ ਆਵਾਜਾਈ ਦੌਰਾਨ ਹਾਦਸਿਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ | ਖ਼ਾਸ ਕਰਕੇ ਰਾਤ ਦੇ ਸਮੇਂ ਇਹ ਸੜਕ ਬਹੁਤ ਹੀ ਖ਼ਤਰਨਾਕ ਸਾਬਤ ਹੋ ਰਹੀ ਹੈ | ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮਾਮਲੇ 'ਚ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਤੁਰੰਤ ਮੌਕੇ 'ਤੇ ਪਹੁੰਚ ਕੇ ਸੜਕ ਦੀ ਹਾਲਤ ਦਾ ਜਾਇਜ਼ਾ ਲਿਆ ਜਾਵੇ ਅਤੇ ਜ਼ਿੰਮੇਵਾਰ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਤੋਂ ਪਹਿਲਾਂ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ |