ਜਲੰਧਰ, 7 ਮਈ (ਜਤਿੰਦਰ ਪੰਮੀ) : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਫਰੇਟ ਸਬਸਿਡੀ ਸੀਮਕ ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਵੱਲੋਂ ਸਵਾਗਤ ਕੀਤਾ ਗਿਆ ਹੈ | ਐਫ.ਆਈ.ਟੀ. ਦੀ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਨੀਲ ਸ਼ਰਮਾ ਨੇ ਕਿ ਇਹ ਯੋਜਨਾ ਪੰਜਾਬ ਇਨਵੈਸਟ ਪਾਲਿਸੀ-2026 ਤਹਿਤ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਯੋਗ ਨਿਰਯਾਤਕਾਂ, ਨਵੇਂ ਉਦਯੋਗਾਂ ਅਤੇ ਪ੍ਰੋਜੈਕਟਾਂ ਦਾ ਵਾਧੇ ਲਈ 30 ਲੱਖ ਰੁਪਏ ਤੱਕ ਦੀ ਫਰੇਟ ਸਬਸਿਡੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੌਜੂਦਾ ਅੰਤਰਰਾਸ਼ਟਰੀ ਹਾਲਾਤ, ਖਾਸ ਕਰ ਕੇ ਇਜ਼ਰਾਈਲ-ਇਰਾਨ ਤਣਾਅ ਕਾਰਨ ਪ੍ਰਭਾਵਿਤ ਉਦਯੋਗਾਂ ਲਈ ਇਹ ਯੋਜਨਾ ਵੱਡੀ ਰਾਹਤ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੂੰ ਉਦਯੋਗਾਂ ਤੇ ਦੀਆਂ ਸਮੱਸਿਆਵਾਂ ਬਾਰੇ ਕਈ ਵਾਰ ਦੱਸਿਆ ਗਿਆ ਸੀ ਅਤੇ ਰਾਹਤ ਦੀ ਮੰਗ ਕੀਤੀ ਗਈ ਸੀ | ਅਜਿਹੇ ਸਮੇਂ ਵਿਚ ਸਰਕਾਰ ਦਾ ਇਹ ਫ਼ੈਸਲਾ ਉਦਯੋਗਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ | ਸੁਨੀਲ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਨਾਲ ਉਦਯੋਗਾਂ ਦੀ ਲਾਗਤ ਘਟੇਗੀ, ਵਿਦੇਸ਼ੀ ਬਾਜ਼ਾਰ ਵਿਚ ਮੁਕਾਬਲਾ ਕਰਨ ਦੀ ਸਮਰੱਥਾ ਵਧੇਗੀ, ਪੂੰਜੀ ਦਾ ਪ੍ਰਵਾਹ ਬਿਹਤਰ ਹੋਵੇਗਾ ਅਤੇ ਕਾਰੋਬਾਰ ਵਾਧੇ ਨੂੰ ਤਾਕਤ ਮਿਲੇਗੀ | ਮੀਟਿੰਗ ਵਿਚ ਮੌਜੂਦ ਉਦਯੋਗਪਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਏ ਜਾ ਰਹੇ ਉਦਯੋਗ-ਹਿਤੈਸ਼ੀ ਫ਼ੈਸਲਿਆਂ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਮਾਰਗ ਦਰਸ਼ਨ ਦੀ ਸ਼ਲਾਘਾ | ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਉਦਯੋਗਾਂ ਲਈ ਵਧੀਆ ਫ਼ੈਸਲੇ ਲਏ ਜਾਂਦੇ ਰਹਿਣਗੇ |