ਜੰਡਿਆਲਾ ਮੰਜਕੀ, 7 ਮਈ (ਸੁਰਜੀਤ ਸਿੰਘ ਜੰਡਿਆਲਾ)-ਜਲੰਧਰ ਛਾਉਣੀ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਵਿੱਚ ਪਿਛਲੇ ਸਾਲ ਨਾਲੋਂ ਇਸ ਵਾਰ ਕਣਕ ਦੀ ਘੱਟ ਖਰੀਦ ਹੋਈ | ਮਾਰਕੀਟ ਕਮੇਟੀ ਦੇ ਸਕੱਤਰ ਸੁਖਜਿੰਦਰ ਸਿੰਘ ਹੁਰਾਂ ਦੱਸਿਆ ਕਿ ਬੀਤੇ ਕੱਲ ਤੱਕ ਸਬ ਯਾਰਡ ਜੰਡਿਆਲਾ ਵਿੱਚ 55578 ਕੁਇੰਟਲ, ਸਰਹਾਲੀ ਵਿੱਚ 82734 ਕੁਇੰਟਲ, ਸਮਰਾਏ ਵਿੱਚ 39858 ਕੁਇੰਟਲ ਕਣਕ ਦੀ ਖਰੀਦ ਹੋਈ ਹੈ | ਉਨਾਂ ਨੇ ਦੱਸਿਆ ਕਿ ਪਿੱਛਲੇ ਸਾਲ ਕਣਕ ਦੀ ਕੁੱਲ ਖਰੀਦ 451364 ਕੀਤੀ ਗਈ ਸੀ ਅਤੇ ਇਸ ਵਾਰ ਅਜੇ ਤੱਕ 410908 ਕੁਇੰਟਲ ਕਣਕ ਦੀ ਖਰੀਦ ਹੀ ਹੋਈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਲਗਭਗ 40456 ਕੁਇੰਟਲ ਘੱਟ ਹੈ | ਇਸ ਸਬੰਧੀ ਸੰਪਰਕ ਕਰਨ ਤੇ ਆੜਤੀਏ ਜਗਤਾਰ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਗਰਮੀ ਪੈਣ ਕਾਰਨ ਇਸ ਵਾਰ ਕਣਕ ਦਾ ਝਾੜ ਘਟਿਆ | ਉਹਨਾਂ ਕਿਹਾ ਕਿ ਪਿਛੇਤੀਆਂ ਬੀਜੀਆਂ ਕਣਕਾਂ ਦਾ ਝਾੜ ਪ੍ਰਤੀ ਖੇਤ ਪ੍ਰਤੀ ਕੁਇੰਟਲ ਠੀਕ ਨਿਕਲਿਆ ਜਦ ਕਿ ਅਗੇਤੀਆਂ ਬੀਜੀਆਂ ਕਣਕ ਦੀਆਂ ਫਸਲਾਂ ਨੂੰ ਹੀ ਘੱਟ ਝਾੜ ਨਿਕਲਣ ਕਾਰਨ ਨੁਕਸਾਨ ਹੋਇਆ | ਉੱਘੇ ਕਿਸਾਨ ਅਤੇ ਸਥਾਨਕ ਸਰਪੰਚ ਕਮਲਜੀਤ ਸਿੰਘ ਨੇ ਕਿਹਾ ਕਿ ਕਈ ਜਗਾ ਗੜੇਮਾਰੀ ਹੋਣ ਕਾਰਨ ਵੀ ਝਾੜ ਘੱਟ ਨਿਕਲਿਆ ਪ੍ਰੰਤੂ ਉਹਨਾਂ ਕਿਹਾ ਕਿ ਜੰਡਿਆਲਾ ਇਲਾਕੇ ਵਿੱਚ ਕਣਕ ਦਾ ਝਾੜ ਠੀਕ ਹੀ ਰਿਹਾ |