19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਘਾਹ ਮੰਡੀ ਗਊਸ਼ਾਲਾ 'ਚ ਵੱਛੇ ਦੀ ਮੌਤ 'ਤੇ ਹੰਗਾਮਾ; ਲੋਕਾਂ ਪ੍ਰਬੰਧਕਾਂ ਤੇ ਪ੍ਰਸ਼ਾਸਨ ਖ਼ਿਲਾਫ਼ ਲਾਇਆ ਧਰਨਾ

ਅਜੀਤ ਡੈਸਕ 08-05-2026
ਜਲੰਧਰ, 7 ਮਈ (ਜਤਿੰਦਰ ਪੰਮੀ)-ਘਾਹ ਮੰਡੀ ਇਲਾਕੇ ਵਿੱਚ ਸਥਿਤ ਗਊਸ਼ਾਲਾ ਦੇ ਬਾਹਰ ਵੀਰਵਾਰ ਨੂੰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਵੱਛੇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ | ਘਟਨਾ ਪਤਾ ਲੱਗਦਿਆਂ ਹਨੂਮਾਨ ਸੈਨਾ ਤੇ ਪੰਚਮੁਖੀ ਮੰਦਰ ਸੰਗਠਨ ਦੇ ਵਰਕਰਾਂ ਸਮੇਤ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਕਾਰਵਾਈ ਨਾ ਕੀਤੇ ਜਾਣ ਦੋ ਰੋਸ ਵਜੋਂ ਗਊਸ਼ਾਲਾ ਪ੍ਰਬੰਧਕਾਂ ਤੇ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਲਾ ਦਿੱਤਾ | ਲੋਕਾਂ ਨੇ ਦੱਸਿਆ ਕਿ 13 ਦਿਨ ਪਹਿਲਾਂ ਵੀ ਇੱਥੇ ਇੱਕ ਵੱਛੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਸੀ | ਲੋਕਾਂ ਦਾ ਦੋਸ਼ ਸੀ ਕਿ ਇਹ ਕੁੱਤੇ ਇੱਥੇ ਰਹਿੰਦੇ ਇੱਕ ਬਾਬੇ ਨੇ ਪਾਲੇ ਹੋਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਬਾਬੇ ਨੇ ਵੱਛੇ ਨੂੰ ਨੋਚਦੇ ਹੋਏ ਦੇਖਿਆ ਪਰ ਕੁੱਤਿਆਂ ਨੂੰ ਨਹੀਂ ਹਟਾਇਆ | ਲੋਕਾਂ ਨੇ ਮੰਗ ਕੀਤੀ ਕਿ ਬਾਬੇ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇ | ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨੂਮਾਨ ਸੈਨਾ ਦੇ ਪ੍ਰਤੀਨਿਧੀ ਪਾਰਸ ਮਲਹੋਤਰਾ ਨੇ ਕਿਹਾ ਕਿ ਗਊਸ਼ਾਲਾ ਦੇ ਸੇਵਾਦਾਰਾਂ ਦੀ ਘੋਰ ਲਾਪਰਵਾਹੀ ਕਾਰਨ ਬੇਸਹਾਰਾ ਵੱਛੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ | ਇੱਥੇ ਸੇਵਾ ਦੇ ਨਾਮ 'ਤੇ ਸਿਰਫ ਖਾਨਾਪੂਰਤੀ ਹੋ ਰਹੀ ਹੈ | ਇਸ ਲਈ ਬਾਬੇ ਤੇ ਸੇਵਾਦਾਰ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ | ਘਾਹ ਮੰਡੀ ਵਿੱਚ ਵਧਦੇ ਤਣਾਅ ਨੂੰ ਦੇਖਦਿਆਂ ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ | ਇਸ ਸੰਬੰਧੀ ਗੱਲਬਾਤ ਕਰਦਿਆਂ ਏ.ਸੀ.ਪੀ. ਵੈਸਟ ਆਤਿਸ਼ ਭਾਟੀਆ ਨੇ ਕਿਹਾ ਕਿ ਇਸ ਗਊਸ਼ਾਲਾ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਜ਼ਮੀਨ 'ਤੇ ਕਬਜ਼ੇ ਦਾ ਵਿਵਾਦ ਕਾਫੀ ਸਮੇਂ ਤੋਂ ਅਦਾਲਤਾਂ ਵਿੱਚ ਚੱਲ ਰਿਹਾ ਹੈ | ਅੱਜ ਦੇ ਧਰਨੇ ਵਿੱਚ ਵਿਵਾਦ ਨਾਲ ਜੁੜੀ ਕੋਈ ਵੀ ਅਸਲ ਪ੍ਰਭਾਵਿਤ ਧਿਰ ਸ਼ਾਮਲ ਨਹੀਂ ਹੈ | ਪ੍ਰਦਰਸ਼ਨਕਾਰੀ ਇਸ ਮਾਮਲੇ ਨੂੰ ਨਵਾਂ ਮੋੜ ਦੇ ਰਹੇ ਹਨ, ਜਦਕਿ ਪੁਰਾਣੀਆਂ ਸ਼ਿਕਾਇਤਾਂ 'ਤੇ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ | ਹਾਲੇ ਤੱਕ ਕਿਸੇ ਵੀ ਪੱਖ ਵੱਲੋਂ ਇਸ ਖਾਸ ਘਟਨਾ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਕਿਸੇ ਜ਼ਮੀਨ ਲਈ ਨਹੀਂ, ਸਗੋਂ ਧਰਮ ਅਤੇ ਗਊ ਸੇਵਾ ਲਈ ਇੱਥੇ ਇਕੱਠੇ ਹੋਏ ਹਨ | ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਅਜਿਹੀ ਕਰੂਰਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਜੇਕਰ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ | ਇਸ 'ਤੇ ਧਰਨਾ ਖਤਮ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਦੋਸ਼ਾਂ ਤੋਂ ਭੜਕੀ ਭਾਜਪਾ ਦਾ ਰੋਸ ਪ੍ਰਦਰਸ਼ਨ ਅੱਜ <br/> ਅਗਲੀ ਖ਼ਬਰ ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਜ਼ਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।