ਜਲੰਧਰ, 7 ਮਈ (ਐੱਮ. ਐੱਸ. ਲੋਹੀਆ)ਕਾਰਲ ਮਾਰਕਸ ਦੇ 208ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ 'ਅਜੋਕੇ ਸਮੇਂ 'ਚ ਮਾਰਕਸਵਾਦ ਦੀ ਪ੍ਰਸੰਗਕਤਾ' ਵਿਸ਼ੇ 'ਤੇ ਹੋਈ ਵਿਚਾਰ-ਚਰਚਾ ਨੇ ਨਿਚੋੜ ਕੱਢਿਆ ਕਿ ਪੂੰਜੀਵਾਦ ਦੇ ਸਿਖ਼ਰਲੇ ਪੜਾਅ ਸਾਮਰਾਜਵਾਦ ਨੇ ਪੂਰੀ ਤਰ੍ਹਾਂ ਨਿਸੰਗ ਹੋ ਕੇ ਦੁਨੀਆਂ ਨੂੰ ਆਪਣਾ ਲੋਟੂ, ਜੰਗਬਾਜ਼ ਅਤੇ ਫਾਸ਼ੀ ਚਿਹਰਾ ਉਘਾੜਕੇ ਦਿਖਾ ਦਿੱਤਾ ਹੈ, ਜਿਸ ਖ਼ਿਲਾਫ਼ ਲੋਕ ਵਿਰੋਧ ਵੀ ਸੰਸਾਰ ਮੰਚ 'ਤੇ ਸਾਹਮਣੇ ਆ ਰਿਹਾ ਹੈ | ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਮਾਜ ਨੂੰ ਚਿੰਬੜੇ ਚੌਤਰਫ਼ਾ ਰੋਗਾਂ ਦਾ ਇਲਾਜ ਮਾਰਕਸਵਾਦੀ ਵਿਗਿਆਨ ਪਾਸ ਹੀ ਹੈ | ਉਨ੍ਹਾਂ ਕਿਹਾ ਕਿ ਇਸ ਲਈ ਸਮਾਜ ਦੀਆਂ ਤਬਦੀਲੀ-ਪਸੰਦ ਸ਼ਕਤੀਆਂ ਨੂੰ ਆਪਣੀ ਚੇਤਨ ਭੂਮਿਕਾ ਅਦਾ ਕਰਨ ਲਈ ਅੱਗੇ ਆਉੁਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਵਿਚਾਰ-ਚਰਚਾਵਾਂ ਦੇ ਅਜਿਹੇ ਸਿਲਸਲੇ ਨੂੰ ਨਿਰੰਤਰ ਜਾਰੀ ਰੱਖਣਾ ਸਮੇਂ ਦੀ ਤਿੱਖੀ ਮੰਗ ਹੈ | 'ਅਜੋਕੇ ਸਮੇਂ 'ਚ ਮਾਰਕਸਵਾਦ ਦੀ ਪ੍ਰਸੰਗਕਤਾ' ਵਿਸ਼ੇ ਉਪਰ ਆਪਣੇ ਭਾਸ਼ਣ ਨੂੰ ਕੇਂਦਰਤ ਕਰਦਿਆਂ ਲੇਖਕ, ਅਨੁਵਾਦਕ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਕਾਰਲ ਮਾਰਕਸ ਦਾ ਜਨਮ ਦਿਹਾੜਾ, ਮਜ਼ਦੂਰ ਜਮਾਤ ਦੀ ਪੁੱਗਤ ਵਾਲੇ ਨਵੇਂ ਸਮਾਜ ਦੀ ਸਿਰਜਣਾ ਦਾ ਜਨਮ ਦਿਹਾੜਾ ਹੈ | ਇਸ ਮੌਕੇ ਮਾਸਟਰ ਮਦਨ ਲਾਲ ਬੁੱਲੋਵਾਲ, ਡਾ. ਜਗਜੀਤ ਸਿੰਘ ਚੀਮਾਂ, ਮੰਗਤ ਰਾਮ ਪਾਸਲਾ, ਡਾ. ਸੈਲੇਸ਼, ਅਮੀਸ਼ ਬਾਗ਼ਪੁਰ, ਅਮਰੀਕ ਸਿੰਘ ਆਰ.ਸੀ.ਐਫ., ਕੇਸਰ, ਰਾਮੇਸ਼ ਚੌਹਕਾ ਅਤੇ ਪ੍ਰੋ. ਕੇਵਲ ਕਲੋਟੀ ਨੇ ਵੀ ਆਪਣੇ ਵਿਚਾਰ ਰੱਖੇ | ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਦੇਸ਼ ਦੇ ਗੰਭੀਰ ਅਤੇ ਚਿੰਤਾਜਨਕ ਹਾਲਾਤ ਅੰਦਰ ਇਹ ਮਾਣ ਦੇਸ਼ ਭਗਤ ਯਾਦਗਾਰ ਕਮੇਟੀ ਦੇ ਹਿੱਸੇ ਆਉਂਦਾ ਹੈ ਜਿਹੜੀ ਮੂੰਹ ਜ਼ੋਰ ਹਨੇਰੇ ਦੀ ਪਰਵਾਹ ਨਾ ਕਰਦਿਆਂ ਧਰਤੀ 'ਤੇ ਰੰਗਲੀ ਸਵੇਰ ਲਿਆਉਣ ਲਈ ਸਮੇਂ-ਸਮੇਂ ਅਜੋਕੇ ਸਮੇਂ ਮਾਰਕਸਵਾਦ ਦੀ ਪ੍ਰਸੰਗਕਤਾ ਵਰਗੇ ਢੁਕਵੇਂ ਮੁੱਦਿਆਂ ਨੂੰ ਮੁਖ਼ਾਤਬ ਹੋ ਰਹੀ ਹੈ |