ਡੱਬਵਾਲੀ, 17 ਮਈ (ਇਕਬਾਲ ਸਿੰਘ ਸ਼ਾਂਤ)- ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਵਲੋਂ ਡੱਬਵਾਲੀ, ਸ਼ੇਰਗੜ੍ਹ ਅਤੇ ਮਸੀਤਾਂ ਦੀਆਂ 33 ਕੇਵੀ ਲਾਈਨਾਂ ਦੀ ਵਰਿ੍ਹਆਂ ਪੁਰਾਣੀ ਹਵਾਈ ਲਾਂਘੇ ਦੀ ਸਮੱਸਿਆ ਦਾ ਉਲਝਣ ਮੁਕਾ ਦਿੱਤੀ | ਇਸ ਕਾਰਜ ਲਈ ਅੱਜ ਕਰੀਬ ਸਵਾ ਅੱਠ ਘੰਟੇ ਤੱਕ ਸ਼ੇਰਗੜ੍ਹ, ਮਸੀਤਾਂ, ਡੱਬਵਾਲੀ ਦੀਆਂ 33 ਕੇਵੀ ਲਾਈਨਾਂ ਸਮੇਤ ਐਮ-1, ਐਮ-2, ਐਮ-4, ਸਬਜ਼ੀ ਮੰਡੀ ਅਤੇ ਡੱਬਵਾਲੀ ਪਿੰਡ ਦੀਆਂ 11 ਕੇਵੀ ਲਾਈਨਾਂ 'ਤੇ ਸਪਲਾਈ ਬੰਦ ਰਹੀ | ਜ਼ਿਕਰਯੋਗ ਹੈ ਕਿ ਪਹਿਲਾਂ ਤਿੰਨੋਂ ਲਾਈਨਾਂ ਇੱਕ-ਦੂਜੇ ਦੇ ਉੱਪਰੋਂ ਲੰਘਦੀਆਂ ਸਨ | ਇਸ ਕਰਕੇ ਸ਼ੇਰਗੜ੍ਹ ਜਾਂ ਮਸੀਤਾਂ ਲਾਈਨ ਵਿੱਚ ਖ਼ਰਾਬੀ ਆਉਣ 'ਤੇ ਸੁਰੱਖਿਆ ਵਜੋਂ ਡੱਬਵਾਲੀ ਦੀ ਲਾਈਨ ਵੀ ਬੰਦ ਕਰਨੀ ਪੈਂਦੀ ਸੀ, ਜਿਸ ਨਾਲ ਸ਼ਹਿਰ ਵਿਚ ਬੇਵਜ੍ਹਾ ਲੰਬੇ ਬਿਜਲੀ ਕੱਟ ਲੱਗਦੇ ਸਨ | ਬਿਜਲੀ ਨਿਗਮ ਦੀ ਟੀਮ ਨੇ ਤਿੱਖੀ ਗਰਮੀ ਦੇ ਬਾਵਜੂਦ ਘੰਟਿਆਂਬੱਧੀ ਮਸ਼ੱਕਤ ਦੇ ਤਿੰਨੋਂ ਲਾਈਨਾਂ ਨੂੰ ਵੱਖ-ਵੱਖ ਕਰ ਦਿੱਤਾ | ਹੁਣ ਇੱਕ ਲਾਈਨ ਵਿੱਚ ਖਰਾਬੀ ਆਉਣ 'ਤੇ ਹੋਰ ਲਾਈਨਾਂ ਪ੍ਰਭਾਵਿਤ ਨਹੀਂ ਹੋਣਗੀਆਂ | ਨਿਗਮ ਦੇ ਜੇਈ ਰਾਮਕਿ੍ਸ਼ਨ ਨੇ ਦੱਸਿਆ ਕਿ ਪਹਿਲਾਂ ਹਵਾਈ ਕਰੰਟ ਦੇ ਖਤਰੇ ਕਾਰਨ ਡੱਬਵਾਲੀ ਦੀ ਮੁੱਖ ਲਾਈਨ ਵੀ ਬੰਦ ਕਰਨੀ ਪੈਂਦੀ ਸੀ ਪਰ ਹੁਣ ਇਸ ਸਮੱਸਿਆ ਤੋਂ ਰਾਹਤ ਮਿਲੇਗੀ |