ਵਧ ਰਹੀ ਚਿੰਤਾ ਜ਼ਿੰਮੇਵਾਰ ਕੌਣ
ਹਰੇਕ ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦਾ ਪਰਿਵਾਰ ਖੁਸ਼ਹਾਲ ਹੋਵੇ, ਦੁਨੀਆ ਦੀ ਹਰ ਸ਼ੈਅ ਜ਼ਰੂਰੀ ਵਸਤੂ ਉਨ੍ਹਾਂ ਕੋਲ ਹੋਵੇ | ਇਨ੍ਹਾਂ ਲੋੜਾਂ ਦੀ ਪੂਰਤੀ ਲਈ ਮਨੁੱਖ ਆਪਣੀ ਸਰੀਰਕ ਤੇ ਦਿਮਾਗੀ ਸਮਰੱਥਾ ਤੋਂ ਵੀ ਵੱਧ ਕੰਮ ਕਰਦਾ ਹੈ | ਜਿਹੜਾ ਜੋ ਉਸ ਲਈ ਦਿਮਾਗੀ ਬੋਝ (ਟੈਨਸ਼ਨ) ਦਾ ਕਾਰਨ ਬਣਦਾ ਹੈ | ਅੱਜ ਮਨੁੱਖ ਸਮਾਜਿਕ ਰੁਤਬਾ ਤੇ ਠਾਠ-ਬਾਠ ਵਧਾਉਣ ਦੇ ਚੱਕਰ ਵਿਚ ਪੈਸੇ ਦੀ ਦੌੜ ਵਿਚ ਲੋੜ ਤੋਂ ਵੱਧ ਪੈ ਚੁੱਕਾ ਹੈ | ਜੋ ਅੱਜ ਦੇ ਸਮੇਂ ਵਿਚ ਚਿੰਤਾ ਦਾ ਵੱਡਾ ਕਾਰਨ ਹੈ | ਪੈਸੇ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ, ਪੰ੍ਰਤੂ ਸਾਰੇ ਨਹੀਂ | ਅਸੀਂ ਅਮੀਰ ਦਿਸਣ ਲਈ ਮੁਹਿੰਗੇ ਬਰਾਂਡ, ਵੱਡੇ ਘਰ ਤੇ ਕਾਰਾਂ ਦੇ ਸ਼ੌਕੀਨ ਹੋ ਗਏ ਹਾਂ | ਸਮਾਂ ਪਾ ਕੇ ਇਹ ਸਾਡੀ ਚਿੰਤਾ ਦਾ ਕਾਰਨ ਬਣਦੇ ਹਨ | ਸਾਨੂੰ ਆਪਣੀ ਜ਼ਰੂਰਤ ਨੂੰ ਦੇਖਣਾ ਚਾਹੀਦਾ ਹੈ, ਖਾਹਿਸ਼ਾਂ ਤਾਂ ਜਿੰਨੀਆਂ ਮਰਜ਼ੀ ਵਧਾ ਲਵੋ | ਚਿੰਤਾ ਦਾ ਦੂਜਾ ਕਾਰਨ ਸੋਸ਼ਲ ਮੀਡੀਆ ਹੈ, ਬਹੁਤ ਸਾਰੇ ਲੋਕ ਵਿਊ ਵਧਾਉਣ ਤੇ ਵੱਧ ਪੈਸੇ ਕਮਾਉਣ ਦੀ ਹੋੜ ਵਿਚ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਫੋਟੋਆਂ ਤੇ ਵੀਡੀਓ ਪਾ ਦਿੰਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਚੰਗੇ ਮੂਡ (ਮਨੋਦਸ਼ਾ) ਵਾਲਾ ਵਿਅਕਤੀ ਵੀ ਗੁੱਸੇ ਵਿਚ ਆ ਜਾਂਦਾ ਹੈ | ਕਿਸੇ ਕੋਲੋਂ ਬਹੁਤੀ ਆਸ ਰੱਖਣੀ ਵੀ ਚਿੰਤਾ ਦਾ ਕਾਰਨ ਬਣਦਾ ਹੈ | ਸਾਡੀ ਦਿਮਾਗੀ ਚਿੰਤਾ ਸਾਡੀ ਸਕਾਰਾਤਮਿਕ ਸੋਚ ਨੂੰ ਦਬਾਅ ਦਿੰਦੀ ਹੈ | ਜੋ ਕਿ ਹੌਲੀ-ਹੌਲੀ ਲੋੜ ਤੋਂ ਵੱਧ ਫਿਕਰ (ਓਵਰਥਿੰਕਿੰਗ) ਤੇ ਉਦਾਸੀ (ਡਿਪ੍ਰੈਸ਼ਨ) ਦਾ ਕਾਰਨ ਬਣਦਾ ਹੈ |
-ਗੁਰਿੰਦਰ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ (ਗੁਰਦਾਸਪੁਰ)
ਵਧ ਰਹੇ ਸੜਕ ਹਾਦਸੇ
ਅੱਜਕੱਲ੍ਹ ਸੜਕਾਂ 'ਤੇ ਵਧ ਰਹੇ ਹਾਦਸੇ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ | ਹਰ ਰੋਜ਼ ਅਸੀਂ ਅਖ਼ਬਾਰਾਂ ਵਿਚ ਸੜਕ ਹਾਦਸਿਆਂ ਦੀਆਂ ਖਬਰਾਂ ਪੜ੍ਹਦੇ ਹਾਂ, ਜਿਨ੍ਹਾਂ ਵਿਚ ਕਈਆਂ ਦੀ ਜਾਨ ਜਾਂਦੀ ਹੈ | ਇਹ ਹਾਦਸੇ ਸਿਰਫ਼ ਕਿਸੇ ਇਕ ਵਿਅਕਤੀ ਦਾ ਨੁਕਸਾਨ ਨਹੀਂ ਕਰਦੇ ਸਗੋਂ ਕਈ ਪਰਿਵਾਰਾਂ ਨੂੰ ਉਜਾੜ ਦਿੰਦੇ ਹਨ | ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿਚ ਵਾਹਨਾਂ ਦੀ ਤੇਜ਼ ਰਫ਼ਤਾਰ, ਨਿਯਮਾਂ ਦੀ ਅਣਦੇਖੀ ਅਤੇ ਅਣਅਨੁਭਵੀ ਡਰਾਈਵਿੰਗ ਸ਼ਾਮਿਲ ਹਨ | ਜਦੋਂ ਸੜਕਾਂ 'ਤੇ ਡਰਾਈਵਰ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਨਤੀਜੇ ਵਜੋਂ ਸੜਕ ਹਾਦਸੇ ਵਾਪਰਦੇ ਹਨ | ਇਨ੍ਹਾਂ ਹਾਦਸਿਆਂ ਨੂੰ ਘਟਾਉਣ ਲਈ ਸਾਨੂੰ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ | ਸਿਰਫ਼ ਸਰਕਾਰ ਵਲੋਂ ਨਵੇਂ ਨਿਯਮ ਬਣਾਉਣਾ ਹੀ ਕਾਫ਼ੀ ਨਹੀਂ, ਸਾਡੇ ਸਮਾਜ ਨੂੰ ਵੀ ਇਸ ਵਿਚ ਸਹਿਭਾਗੀ ਹੋਣਾ ਪਵੇਗਾ | ਜਾਗਰੂਕਤਾ ਮੁਹਿੰਮਾਂ ਰਾਹੀਂ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ | ਅਸੀਂ ਸਾਰੇ ਮਿਲ ਕੇ ਹੀ ਸੜਕ ਹਾਦਸਿਆਂ ਨੂੰ ਘਟਾ ਸਕਦੇ ਹਾਂ ਅਤੇ ਆਪਣੀ ਜਾਨ ਨਾਲ-ਨਾਲ ਹੋਰਾਂ ਦੀ ਜਾਨ ਵੀ ਬਚਾ ਸਕਦੇ ਹਾਂ |
-ਵਿਸ਼ਾਲ ਜਲੰਧਰ |
ਹਮੇਸ਼ਾ ਸਹੀ ਰਸਤੇ ਚੁਣੋ
ਪਿਛਲੇ ਦਿਨੀਂ ਅਮਰੀਕਾ ਵਲੋਂ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਨਾਲ ਜਕੜ ਕੇ ਜਿਸ ਤਰ੍ਹਾਂ ਫ਼ੌਜੀ ਜਹਾਜ਼ਾਂ ਰਾਹੀਂ ਭਾਰਤ ਲਿਆਂਦਾ ਗਿਆ ਹੈ, ਉਹ ਭਾਰਤੀਆਂ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ | ਇਹ ਠੀਕ ਹੈ ਕਿ ਸਾਡੀਆਂ ਸਰਕਾਰਾਂ ਦੇਸ਼ ਅੰਦਰ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕਰਦੀਆਂ | ਜਿਸ ਕਰਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੀ ਭਾਲ 'ਚ ਵਿਦੇਸ਼ਾਂ ਦਾ ਰੁਖ਼ ਕਰਨਾ ਪੈ ਰਿਹਾ ਹੈ | ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ 50-60 ਲੱਖ ਰੁਪਏ ਲਗਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਰਗੇ ਮੁਲਕਾਂ 'ਚ ਰੁਜ਼ਗਾਰ ਲਈ ਜਾਈਏ | ਉਹ ਵੀ ਆਪਣੀ ਜਾਨ ਨੂੰ ਜੋਖ਼ਮ 'ਚ ਪਾ ਕੇ | ਤੁਸੀਂ ਵਿਦੇਸ਼ ਜਾਣਾ ਤਾਂ ਜ਼ਰੂਰ ਜਾਓ, ਪਰ ਸਹੀ ਢੰਗ ਤਰੀਕੇ ਨਾਲ ਜਾਓ | ਕਿਉਂਕਿ ਗ਼ਲਤ ਢੰਗ ਤਰੀਕਾ ਹਮੇਸ਼ਾ ਗ਼ਲਤ ਹੁੰਦਾ ਹੈ | ਜਿਸ ਨੂੰ ਤੁਸੀਂ ਕਦੇ ਵੀ ਸਹੀ ਨਹੀਂ ਠਹਿਰਾ ਸਕਦੇ | ਸੋ, ਜ਼ਿੰਦਗੀ 'ਚ ਜਦੋਂ ਵੀ ਕੋਈ ਕੰਮ ਕਰਨਾ ਹੈ ਤਾਂ ਕਦੇ ਵੀ ਦੋ ਨੰਬਰ ਦਾ ਰਸਤਾ ਨਾ ਅਪਣਾਓ | ਸਹੀ ਰਸਤਾ ਲੰਬਾ ਹੋ ਸਕਦਾ ਹੈ, ਪਰ ਗ਼ਲਤ ਨਹੀਂ |
-ਲੈਕਚਰਾਰ ਅਜੀਤ ਖੰਨਾ
ਰੁੱਖ ਸੰਭਾਲੋ
ਅਜੋਕੇ ਮਨੁੱਖ ਦੀ ਮੁਢਲੀ ਲੋੜ ਰੁੱਖਾਂ ਨੂੰ ਬਚਾਉਣਾ ਹੈ | ਸਾਵਣ, ਭਾਦੋਂ ਦੋ ਮਹੀਨੇ ਰੁੱਖ ਲਗਾਉਣ ਦਾ ਵਧੀਆ ਸਮਾਂ ਹੈ | ਜਿੰਨਾ ਜ਼ਰੂਰੀ ਨਵੇਂ ਰੁੱਖਾਂ ਨੂੰ ਲਗਾਉਣਾ ਹੈ, ਉਸ ਤੋਂ ਵਧੇਰੇ ਲੱਗੇ ਹੋਏ ਰੁੱਖਾਂ ਨੂੰ ਸੰਭਾਲਨਾ ਜ਼ਰੂਰੀ ਹੈ | ਸਿਰਫ਼ ਦਿਖਾਵੇ ਅਤੇ ਗਿਣਤੀ ਲਈ ਰੁੱਖ ਲਗਾਉਣ ਦੀ ਬਜਾਏ, ਸੌ ਦੀ ਜਗ੍ਹਾ ਭਾਵੇਂ ਦੋ ਰੁੱਖ ਲਗਾ ਲਈਏ, ਪਰ ਉਨ੍ਹਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰੀਏ | ਰੁੱਖਾਂ ਦੇ ਵਧਣ-ਫੁੱਲਣ ਨਾਲ ਹੀ ਸਾਡੇ ਚੁਗਿਰਦੇ ਵਿਚ ਬਹਾਰ ਆਵੇਗੀ | ਸਾਡੇ ਲਗਾਏ ਦੋ ਰੁੱਖਾਂ ਦੀ ਅਹਿਮੀਅਤ ਅਨੇਕਾਂ ਉਨ੍ਹਾਂ ਖਿਲਾਰੇ ਬੀਜਾਂ ਤੋਂ ਵਧੇਰੇ ਹੋਵੇਗੀ, ਜੋ ਪੁੰਗਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ | ਹਾਂ, ਇਹ ਜ਼ਰੂਰੀ ਹੈ ਕਿ ਹੁਣ ਟਾਵੇਂ ਟੱਲੇ ਰੁੱਖਾਂ ਨਾਲ ਗੁਜ਼ਾਰਾ ਨਹੀਂ ਹੋਣਾ | ਸਾਨੂੰ ਜੰਗਲ ਵਿਕਸਿਤ ਕਰਨ ਦੀ ਲੋੜ ਹੈ | ਜੰਗਲਾਂ ਨੂੰ ਮੁੜ ਵਿਕਸਿਤ ਕਰਨ ਲਈ ਬਹੁਤ ਹੀ ਜ਼ਿਆਦਾ ਯਤਨ ਕਰਨੇ ਪੈਣਗੇ, ਪਤਾ ਨਹੀਂ ਕਿੰਨੇ ਕੁ ਸਾਲ ਯਤਨ ਕਰਨ ਤੋਂ ਬਾਅਦ ਉਸ ਤਰ੍ਹਾਂ ਦੇ ਜੰਗਲ ਫਿਰ ਤੋਂ ਆਬਾਦ ਹੋ ਸਕਣਗੇ | ਅਜੋਕਾ ਮਨੁੱਖ ਇਹ ਭੁੱਲ ਰਿਹਾ ਹੈ, ਕਿ ਰੁੱਖਾਂ ਬਿਨਾਂ ਸਾਹ ਲੈਣਾ ਕਿੰਨਾ ਮੁਸ਼ਕਿਲ ਹੋ ਜਾਵੇਗਾ, ਆਪਣੇ ਨਿੱਜੀ ਸਵਾਰਥ ਲਈ ਰੁੱਖਾਂ ਨੂੰ ਵੱਢ ਕੇ ਨੁਕਸਾਨ ਪਹੁੰਚਾ ਰਿਹਾ ਹੈ, ਜੰਗਲਾਂ ਨੂੰ ਤਬਾਹ ਕਰ ਰਿਹਾ ਹੈ | ਜੋ ਲੋਕ ਰੁੱਖਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ | ਰੁੱਖਾਂ ਨਾਲ ਵਧੀਕੀ ਕਰਨ ਵਾਲਿਆਂ ਵਿਰੁੱਧ ਜੋ ਕਾਨੂੰਨ ਬਣਿਆ ਹੈ ਉਸ ਨੂੰ ਕਾਗਜ਼ਾਂ ਵਿਚ ਦਫ਼ਨਾਉਣ ਦੀ ਬਜਾਏ ਅਮਲੀ ਜਾਮਾ ਪਹਿਨਾਇਆ ਜਾਵੇ |
-ਕਮਲਜੀਤ ਕੌਰ ਗੁੰਮਟੀ
ਬਰਨਾਲਾ