ਸਰਕਾਰ ਸਖ਼ਤ ਕਾਰਵਾਈ ਕਰੇ
ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰ ਕੁਝ ਧਰਮਾਂ ਦੇ ਗੁਰੂਆਂ, ਪੀਰਾਂ ਫ਼ਕੀਰਾਂ, ਦੇਵੀ-ਦੇਵਤਿਆਂ ਅਤੇ ਧਾਰਮਿਕ ਅਸਥਾਨਾਂ ਦੀਆਂ ਗਲਤ ਅਤੇ ਇਤਰਾਜ਼ਯੋਗ ਵੀਡਿਓਜ਼ ਅਤੇ ਫੋਟੋਆਂ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਰਹੇ ਹਨ | ਇਹ ਦੇਖ ਕੇ ਦਿਲ ਬਹੁਤ ਦੁਖੀ ਹੁੰਦਾ ਹੈ | ਕੁਝ ਲੋਕਾਂ ਦੀ ਮਾਨਸਿਕਤਾ ਕਿੰਨੀ ਡਿੱਗ ਚੁੱਕੀ ਹੈ | ਕਿ ਉਹ ਗੁਰੂਆਂ, ਦੇਵੀ-ਦੇਵਤਿਆਂ ਅਤੇ ਪੀਰਾਂ ਫ਼ਕੀਰਾਂ ਨੂੰ ਵੀ ਨਹੀਂ ਬਖਸ਼ ਰਹੇ | ਇਹ ਬਹੁਤ ਹੀ ਗੰਭੀਰ ਮਾਮਲਾ ਹੈ | ਪੁਲਿਸ ਨੂੰ ਚਾਹੀਦਾ ਹੈ ਕਿ ਇੰਨਾ ਸ਼ਰਾਰਤੀ ਅਨਸਰਾਂ ਨੂੰ ਫੜ੍ਹ ਕੇ ਕਾਨੂੰਨ ਮੁਤਾਬਿਕ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਏ | ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਅਜਿਹੇ ਧਰਮ ਵਿਰੋਧੀ ਬਿਰਤੀ ਵਾਲੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ ਬਠਿੰਡਾ |
ਖੇਡਾਂ ਪ੍ਰਤੀ ਜਾਗਰੂਕਤਾ
ਖੇਡਾਂ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ | ਇਸ ਵਿੱਚ ਸਰੀਰਕ, ਮਾਨਸਿਕ, ਸਮਾਜਿਕ ਅਤੇ ਬੌਧਿਕ ਵਿਕਾਸ ਕਰਨਾ ਹੁੰਦਾ ਹੈ | ਇਕ ਚੰਗਾ ਸਿੱਖਿਆ ਕੇਂਦਰ ਉਹੀ ਮੰਨਿਆ ਜਾਂਦਾ ਹੈ, ਜਿੱਥੇ ਬੱਚੇ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ | ਖੇਡਾਂ ਬੱਚਿਆਂ ਨੂੰ ੂ ਸਰੀਰਕ ਪੱਖੋਂ ਸਿਹਤਮੰਦ ਅਤੇ ਫੁਰਤੀਲਾ ਬਣਾਉਣ ਵਿਚ ਅਹਿਮ ਯੋਗਦਾਨ ਦਿੰਦੀਆਂ ਹਨ | ਖੇਡਾਂ ਬੱਚਿਆਂ ਵਿਚ ਅਨੁਸ਼ਾਸਨ ਪੈਦਾ ਕਰਦੀਆਂ ਹਨ | ਇਕ ਟੀਮ ਦੇ ਰੂਪ ਵਿਚ ਮਿਲ ਕੇ ਖੇਡਣ ਅਤੇ ਕੰਮ ਕਰਨ ਵਿਚ ਖੇਡਾਂ ਅਹਿਮ ਯੋਗਦਾਨ ਪਾਉਂਦੀਆਂ ਹਨ | ਖੇਡਾਂ ਬੱਚਿਆਂ ਵਿਚ ਆਪਸੀ ਸਾਂਝ ਅਤੇ ਇਕਾਗਰਤਾ ਪੈਦਾ ਕਰਦੀਆਂ ਹਨ | ਖੇਡਾਂ ਨਾਲ ਬੱਚਿਆਂ ਅੰਦਰ ਸਹਿਣ ਸ਼ਕਤੀ ਪੈਦਾ ਹੁੰਦੀ ਹੈ | ਖੇਡਾਂ ਬੱਚਿਆਂ ਦਾ ਮਨੋਰੰਜਨ ਕਰਦੀਆਂ ਹਨ, ਜਿਸ ਨਾਲ ਬੱਚੇ ਤਣਾਅ ਮੁਕਤ ਹੁੰਦੇ ਹਨ | ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ | ਅੱਜ ਕੱਲ੍ਹ ਦੀ ਸਿੱਖਿਆ ਖੇਡਾਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ |
-ਦਲਜੀਤ ਕੌਰ (ਬੀ.ਏ)
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ, ਸੰਦੌੜ |
ਪੰਜਾਬ ਵਿਚ ਵਧਦਾ ਨਸ਼ਾ
ਪੰਜਾਬ ਵਿਚ ਨਸ਼ੇ ਦੀ ਆਸਾਨੀ ਨਾਲ ਉਪਲਬੱਧਤਾ ਨੇ ਨਸ਼ਿਆਂ ਦੇ ਵੱਡੇ ਪੱਧਰ 'ਤੇ ਫੈਲਣ ਵਿਚ ਅਹਿਮ ਯੋਗਦਾਨ ਪਾਇਆ ਹੈ | ਨਸ਼ਾ ਕਰਨ ਵਾਲਿਆਂ ਨੂੰ ਅੱਜਕਲ੍ਹ ਹਰ ਪਿੰਡ ਅਤੇ ਸ਼ਹਿਰ ਵਿਚ ਹਰ ਤਰ੍ਹਾਂ ਦਾ ਨਸ਼ਾ ਮਿਲ ਜਾਂਦਾ ਹੈ | ਸ਼ੁਰੂ-ਸ਼ੁਰੂ ਵਿਚ ਸ਼ੌਕ ਵਜੋਂ ਨਸ਼ੇ ਦੀ ਵਰਤੋਂ ਕਰਨ ਵਾਲਾ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ | ਅਜਿਹਾ ਵਿਅਕਤੀ ਚੰਗੇ-ਮਾੜੇ ਵਿਚ ਅੰਤਰ ਕਰਨਾ ਭੁੱਲ ਜਾਂਦਾ ਹੈ ਅਤੇ ਨਸ਼ਾ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ | ਨਸ਼ਿਆਂ ਨੂੰ ਖਤਮ ਕਰਨ ਲਈ ਇਸ ਦੀ ਆਸਾਨੀ ਨਾਲ ਉਪਲਬੱਧਤਾ ਨੂੰ ਖਤਮ ਕਰਨਾ ਜ਼ਰੂਰੀ ਹੈ | ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਉੱਚਿਤ ਕਦਮ ਚੁੱਕੇ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਸੁਚੇਤ ਕਰੇ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ |
-ਦਲਜੀਤ ਕੌਰ (ਬੀ.ਏ.)
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ (ਸੰਦੌੜ)
ਸੁਚੇਤ ਰਹਿ ਕੇ ਮਨਾਓ ਤਿਉਹਾਰ
ਦੀਵਾਲੀ ਇਕ ਮਹੱਤਵਪੂਰਨ ਤਿਉਹਾਰ ਹੈ ਮਠਿਆਈ ਤੇ ਆਤਿਸ਼ਬਾਜ਼ੀ ਦੀ ਇਸ ਤਿਉਹਾਰ ਨੂੰ ਮਨਾਉਣ ਵਕਤ ਸਭ ਤੋਂ ਵੱਧ ਵਰਤੋਂ ਹੁੰਦੀ ਹੈ | ਤਿਉਹਾਰ ਮੌਕੇ ਜ਼ਿਆਦਾ ਮਿਕਦਾਰ 'ਚ ਤਿਆਰ ਹੋਣ ਕਰਕੇ ਮਿਲਾਵਟ ਵੀ ਵੱਡੇ ਪੱਧਰ 'ਤੇ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ | ਇਸ ਲਈ ਮਠਿਆਈ ਦੀ ਵਰਤੋਂ ਸੁਚੇਤ ਰਹਿ ਕੇ ਕਰੋ | ਪਟਾਕੇ ਤੇ ਆਤਿਸ਼ਬਾਜ਼ੀ ਵਾਤਾਵਰਨ ਨੂੰ ਨਾ ਸਿਰਫ਼ ਪ੍ਰਦੂਸ਼ਿਤ ਕਰਦੀ ਹੈ, ਸਗੋਂ ਸਾਡੀ ਸਿਹਤ ਲਈ ਵੀ ਬੇਹੱਦ ਹਾਨੀਕਾਰਕ ਹੁੰਦੀ ਹੈ | ਗ੍ਰੀਨ ਦੀਵਾਲੀ ਮਨਾਓ, ਆਤਿਸ਼ਬਾਜ਼ੀ ਵੀ ਘੱਟ ਮਾਤਰਾ 'ਚ ਚਲਾਓ ਤੇ ਸਿਰਫ਼ ਉਹੀ ਪਟਾਕੇ ਤੇ ਆਤਿਸ਼ਬਾਜ਼ੀ ਚਲਾਓ, ਜੋ ਵਾਤਾਵਰਨ ਨੂੰ ਖਰਾਬ ਨਾ ਕਰੇ ਤੇ ਚੱਲਣ ਸਮੇਂ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਨਾ ਪਹੁੰਚਾਵੇ | ਮਠਿਆਈ ਵੀ ਉਹੀ ਖਾਓ ਜੋ ਮਿਲਾਵਟ ਰਹਿਤ ਹੋਵੇ | ਤਿਉਹਾਰ ਮਨਾਉਣ ਸਮੇਂ ਇਸ ਦੇ ਮਕਸਦ, ਮਨੋਰੰਜਨ ਤੇ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ |
-ਲੈਕਚਰਾਰ ਅਜੀਤ ਖੰਨਾ
ਐਮ.ਏ.ਐਮ. ਫਿਲ, ਬੀ.ਐੱਡ
ਪੰਜਾਬੀ ਭਾਸ਼ਾ ਦੇ ਅਲੋਪ ਹੋ ਰਹੇ ਸ਼ਬਦ
ਪੰਜਾਬੀ ਭਾਸ਼ਾ ਬਹੁਤ ਅਮੀਰ ਅਤੇ ਮਿੱਠੀ ਭਾਸ਼ਾ ਹੈ | ਇਹ ਭਾਸ਼ਾ ਗੁਰੂਆਂ ਪੀਰਾਂ ਦੁਆਰਾ ਪ੍ਰਣਾਈ ਹੋਈ ਭਾਸ਼ਾ ਹੈ | ਜਿਸ ਦਾ ਆਧਾਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਰਸੇ, ਸੱਭਿਆਚਾਰ, ਵਿਰਾਸਤ ਅਤੇ ਲੋਕ ਜੀਵਨ 'ਤੇ ਟਿਕਿਆ ਹੋਇਆ ਹੈ | ਇਨ੍ਹਾਂ ਨਾਲ ਜੁੜੀ ਸ਼ਬਦਾਵਲੀ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਗਹਿਣਾ ਹੈ | ਜਿਸ ਦਾ ਆਧਾਰ ਪੰਜਾਬ ਦੇ ਪੇਂਡੂ ਜੀਵਨ ਨਾਲ ਬੱਝਿਆ ਹੋਇਆ ਹੈ | ਅਜੋਕੇ ਦੌਰ ਵਿਚ ਸ਼ਹਿਰੀਕਰਨ ਹੋਣ ਨਾਲ ਅਤੇ ਪ੍ਰਵਾਸੀਆਂ ਦੀ ਆਮਦ ਪੰਜਾਬ ਵਿਚ ਹੋਣ ਨਾਲ ਪੁਰਾਣੀ ਸ਼ਬਦਾਵਲੀ ਦੀ ਥਾਂ ਨਵੀਂ ਸ਼ਬਦਾਵਲੀ ਜੁੜ ਗਈ ਹੈ | ਜਿਸ ਨਾਲ ਪੰਜਾਬੀ ਭਾਸ਼ਾ ਦੇ ਮੁਢਲੇ ਸ਼ਬਦ ਅਲੋਪ ਹੁੰਦੇ ਜਾ ਰਹੇ ਹਨ | ਪੰਜਾਬ ਵਿਚ ਭਾਰਤ ਦੇ ਦੂਜੇ ਹਿੱਸਿਆਂ ਤੋਂ ਆਏ ਲੋਕ ਰੁਜ਼ਗਾਰ ਦੀ ਤਲਾਸ਼ ਵਿਚ ਇਥੇ ਵਸ ਗਏ ਹਨ | ਇਨ੍ਹਾਂ ਲੋਕਾਂ ਨੇ ਆਪਣੀ ਭਾਸ਼ਾ ਦੇ ਸ਼ਬਦ ਪੰਜਾਬੀ ਭਾਸ਼ਾ ਵਿਚ ਸ਼ਾਮਿਲ ਕਰ ਦਿੱਤੇ ਹਨ | ਇਨ੍ਹਾਂ ਕਾਰਨਾਂ ਕਰਕੇ ਪੰਜਾਬੀ ਭਾਸ਼ਾ ਦੇ ਮੁਢਲੇ ਢਾਂਚੇ ਵਿਚ ਸੰਕਟ ਵਧਦਾ ਜਾ ਰਿਹਾ ਹੈ | ਜੇਕਰ ਵੇਲਾ ਨਾ ਸੰਭਾਲਿਆ ਗਿਆ ਤਾਂ ਪੰਜਾਬੀ ਭਾਸ਼ਾ ਦੀ ਹੋਂਦ ਖ਼ਤਰੇ ਵਿਚ ਪੈ ਸਕਦੀ ਹੈ |
-ਕਸ਼ਮੀਰੀ ਲਾਲ ਚਾਵਲਾ,
ਮੁਕਤਸਰ |