ਲੈਸਟਰ ਵਿਖੇ ਅਨੀਤਾ ਸਬਦੀਸ਼ ਦੇ ਇਕ ਪਾਤਰੀ ਨਾਟਕ ‘ ਸੋਫੀਆ ਮਿੱਟੀ ਦੀ ਪਛਾਣ ’ ਦਾ ਮੰਚਨ 24 ਨੂੰ
ਲੈਸਟਰ (ਇੰਗਲੈਂਡ), 21 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਰੰਗਮੰਚ ਅਤੇ ਫ਼ਿਲਮ ਜਗਤ ਦੀ ਨਾਮਵਰ ਅਦਾਕਾਰਾ ਅਨੀਤਾ ਸਬਦੀਸ਼, ਜੋ ਇਨ੍ਹੀਂ ਦਿਨੀਂ ਇੰਗਲੈਂਡ ਦੇ ਦੌਰੇ ’ਤੇ ਹਨ, ਵਲੋਂ ਆਪਣੇ ਚਰਚਿਤ ਇਕ ਪਾਤਰੀ ਨਾਟਕ ‘ਸੋਫੀਆ ਮਿੱਟੀ ਦੀ ਪਛਾਣ’ ਦੀ ਪੇਸ਼ਕਾਰੀ 24 ਅਕਤੂਬਰ, ਦਿਨ ਸਨਿਚਰਵਾਰ ਨੂੰ ਲੈਸਟਰ ਵਿਖੇ ਕੀਤੀ ਜਾਵੇਗੀ। ਇਸ ਸੰਬੰਧੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਸਾਂਝ ਕਲਾ ਕੇਂਦਰ ਵਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।
ਲੈਸਟਰ (ਇੰਗਲੈਂਡ), 21 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਰੰਗਮੰਚ ਅਤੇ ਫ਼ਿਲਮ ਜਗਤ ਦੀ ਨਾਮਵਰ ਅਦਾਕਾਰਾ ਅਨੀਤਾ ਸਬਦੀਸ਼, ਜੋ ਇਨ੍ਹੀਂ ਦਿਨੀਂ ਇੰਗਲੈਂਡ ਦੇ ਦੌਰੇ ’ਤੇ ਹਨ, ਵਲੋਂ ਆਪਣੇ ਚਰਚਿਤ ਇਕ ਪਾਤਰੀ ਨਾਟਕ ‘ਸੋਫੀਆ ਮਿੱਟੀ ਦੀ ਪਛਾਣ’ ਦੀ ਪੇਸ਼ਕਾਰੀ 24 ਅਕਤੂਬਰ, ਦਿਨ ਸਨਿਚਰਵਾਰ ਨੂੰ ਲੈਸਟਰ ਵਿਖੇ ਕੀਤੀ ਜਾਵੇਗੀ। ਇਸ ਸੰਬੰਧੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਸਾਂਝ ਕਲਾ ਕੇਂਦਰ ਵਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਸਮਾਗਮ ਵੈਸਲੀ ਹਾਲ, ਲੈਸਟਰ ਵਿਖੇ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ। ਸਮਾਗਮ ਨੂੰ ਸਫ਼ਲ ਬਣਾਉਣ ਲਈ ਮਨਜਿੰਦਰ ਪੁਰੇਵਾਲ, ਪਰਮਜੀਤ ਕੌਰ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀ ਸਮੁੱਚੀ ਟੀਮ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਦੌਰਾਨ ਸਾਂਝ ਕਲਾ ਕੇਂਦਰ ਵਲੋਂ ਬੱਚਿਆਂ ਅਤੇ ਔਰਤਾਂ ਨੂੰ ਰੰਗਮੰਚ ਨਾਲ ਜੋੜਨ ਦੇ ਮਕਸਦ ਨਾਲ 21 ਅਤੇ 22 ਅਕਤੂਬਰ ਨੂੰ ਦੋ ਰੋਜ਼ਾ ਅਦਾਕਾਰੀ ਵਰਕਸ਼ਾਪ ਵੀ ਲਗਾਈ ਜਾ ਰਹੀ ਹੈ। ਇਹ ਵਰਕਸ਼ਾਪ 88 ਹੈਸਟਿੰਗ ਰੋਡ, ਲੈਸਟਰ ਵਿਖੇ ਦੋਵੇਂ ਦਿਨ ਸ਼ਾਮ 6 ਵਜੇ ਤੋਂ 8 ਵਜੇ ਤੱਕ ਚੱਲੇਗੀ।ਪ੍ਰਬੰਧਕਾਂ ਅਨੁਸਾਰ ਇਸ ਵਰਕਸ਼ਾਪ ਦੌਰਾਨ ਬੱਚਿਆਂ ਅਤੇ ਔਰਤਾਂ ਨੂੰ ਅਦਾਕਾਰੀ ਦੀਆਂ ਬਾਰੀਕੀਆਂ, ਰੰਗਮੰਚ ਦੇ ਮੁੱਢਲੇ ਗੁਰ ਅਤੇ ਆਪਣੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲੇਗਾ। ਇਸ ਉਪਰਾਲੇ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਅੰਦਰ ਕਲਾ ਪ੍ਰਤੀ ਦਿਲਚਸਪੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਉਭਾਰਨ ਲਈ ਉਤਸ਼ਾਹਿਤ ਕਰਨਾ ਹੈ।ਜ਼ਿਕਰਯੋਗ ਹੈ ਕਿ ਅਨੀਤਾ ਸਬਦੀਸ਼ ਪੰਜਾਬੀ ਰੰਗਮੰਚ ਅਤੇ ਫ਼ਿਲਮਾਂ ਦੇ ਖੇਤਰ ਵਿਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਸਦਕਾ ਵਿਲੱਖਣ ਪਛਾਣ ਰੱਖਦੇ ਹਨ। ਉਨ੍ਹਾਂ ਵਲੋਂ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੀਆਂ ਜਾ ਰਹੀਆਂ ਨਾਟਕ ਪੇਸ਼ਕਾਰੀਆਂ ਪੰਜਾਬੀ ਰੰਗਮੰਚ ਨੂੰ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਉਣ ਦਾ ਅਹਿਮ ਉਪਰਾਲਾ ਹਨ। ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਨਾਟਕ ਦੀ ਪੇਸ਼ਕਾਰੀ ਅਤੇ ਅਦਾਕਾਰੀ ਵਰਕਸ਼ਾਪ ਜਿਥੇ ਲੈਸਟਰ ਵਿਚ ਪੰਜਾਬੀ ਰੰਗਮੰਚ ਦੀਆਂ ਸਰਗਰਮੀਆਂ ਨੂੰ ਹੁਲਾਰਾ ਦੇਣਗੀਆਂ, ਉੱਥੇ ਹੀ ਵਿਦੇਸ਼ਾਂ ਵਿਚ ਵੱਸਦੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਅਮੀਰ ਕਲਾਤਮਕ ਵਿਰਾਸਤ ਨਾਲ ਜੋੜਨ ਵਿਚ ਵੀ ਸਹਾਈ ਹੋਣਗੀਆਂ।