ਐਡਿਨਬਰਾ ਫ੍ਰਿੰਜ ਫੈਸਟੀਵਲ 2026: ਦੁਨੀਆ ਭਰ ਦੀ ਕਲਾ ਦਾ ਮਹਾਂਕੁੰਭ, ਭਾਰਤੀ ਕਲਾਕਾਰਾਂ ਨੇ ਵੀ ਛੱਡੀ ਛਾਪ
ਗਲਾਸਗੋ, 1 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ 7 ਤੋਂ 31 ਅਗਸਤ 2026 ਤੱਕ ਚੱਲਿਆ 79ਵਾਂ ਐਡਨਬਰਾ ਫਰਿੰਜ ਫੈਸਟੀਵਲ ਕਲਾ ਅਤੇ ਸੱਭਿਆਚਾਰ ਦੇ ਦੁਨੀਆ ਦੇ ਸਭ ਤੋਂ ਵੱਡੇ ਮੇਲਿਆਂ ਵਿੱਚੋਂ ਇੱਕ ਵਜੋਂ ਮੁੜ ਇਤਿਹਾਸ ਰਚ ਗਿਆ। 25 ਦਿਨਾਂ ਦੌਰਾਨ ਆਖਰੀ ਅੰਕੜਿਆਂ ਮੁਤਾਬਕ 77 ਦੇਸ਼ਾਂ ਦੇ 4,232 ਸ਼ੋਅ, 61,277 ਪ੍ਰਦਰਸ਼ਨ ਅਤੇ 306 ਵੇਨਿਊ ਇਸ ਦਾ ਹਿੱਸਾ ਬਣੇ, ਜਦਕਿ 28 ਲੱਖ ਤੋਂ ਵੱਧ ਟਿਕਟਾਂ ਜਾਰੀ ਹੋਈਆਂ।
ਗਲਾਸਗੋ, 1 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ 7 ਤੋਂ 31 ਅਗਸਤ 2026 ਤੱਕ ਚੱਲਿਆ 79ਵਾਂ ਐਡਨਬਰਾ ਫਰਿੰਜ ਫੈਸਟੀਵਲ ਕਲਾ ਅਤੇ ਸੱਭਿਆਚਾਰ ਦੇ ਦੁਨੀਆ ਦੇ ਸਭ ਤੋਂ ਵੱਡੇ ਮੇਲਿਆਂ ਵਿੱਚੋਂ ਇੱਕ ਵਜੋਂ ਮੁੜ ਇਤਿਹਾਸ ਰਚ ਗਿਆ। 25 ਦਿਨਾਂ ਦੌਰਾਨ ਆਖਰੀ ਅੰਕੜਿਆਂ ਮੁਤਾਬਕ 77 ਦੇਸ਼ਾਂ ਦੇ 4,232 ਸ਼ੋਅ, 61,277 ਪ੍ਰਦਰਸ਼ਨ ਅਤੇ 306 ਵੇਨਿਊ ਇਸ ਦਾ ਹਿੱਸਾ ਬਣੇ, ਜਦਕਿ 28 ਲੱਖ ਤੋਂ ਵੱਧ ਟਿਕਟਾਂ ਜਾਰੀ ਹੋਈਆਂ। 15 ਅਗਸਤ ਨੂੰ ਇਕੋ ਦਿਨ 1.64 ਲੱਖ ਤੋਂ ਵੱਧ ਟਿਕਟਾਂ ਜਾਰੀ ਹੋਣ ਨਾਲ ਨਵਾਂ ਰਿਕਾਰਡ ਵੀ ਬਣਿਆ। ਥੀਏਟਰ, ਕਾਮੇਡੀ, ਸੰਗੀਤ, ਨਾਚ, ਸਰਕਸ, ਕੈਬਰੇ, ਬੱਚਿਆਂ ਦੇ ਸ਼ੋਅ ਅਤੇ ਸਪੋਕਨ ਵਰਡ ਤੋਂ ਲੈ ਕੇ ਸੜਕਾਂ ਉੱਤੇ ਮੁਫ਼ਤ ਪ੍ਰਦਰਸ਼ਨਾਂ ਤੱਕ, ਪੂਰਾ ਐਡਿਨਬਰਾ ਇੱਕ ਵਿਸ਼ਾਲ ਰੰਗਮੰਚ ਵਿੱਚ ਬਦਲਿਆ ਨਜ਼ਰ ਆਇਆ।ਭਾਰਤੀ ਅਤੇ ਦੱਖਣੀ ਏਸ਼ੀਆਈ ਕਲਾਕਾਰਾਂ ਦੀ ਮੌਜੂਦਗੀ ਵੀ 2026 ਦੇ ਫ੍ਰਿੰਜ ਵਿਚ ਖਾਸ ਰਹੀ। ਭਾਰਤੀ ਕਲਾਕਾਰ ਵਿਭਿੰਨਾ ਰਾਮਦੇਵ ਦਾ ਇੰਗਲਿਸ਼ ਸਰੀਰਕ ਥੀਏਟਰ ਰਾਹੀਂ ਉੱਤਰ - ਬਸਤੀਵਾਦੀ ਭਾਰਤ ਵਿੱਚ ਅੰਗਰੇਜ਼ੀ ਭਾਸ਼ਾ, ਪਛਾਣ ਅਤੇ ਇੱਕ ਭਾਰਤੀ ਔਰਤ ਦੇ ਤਜਰਬਿਆਂ ਨੂੰ ਮੰਚ ’ਤੇ ਲੈ ਕੇ ਆਇਆ। ਇਸ ਤੋਂ ਇਲਾਵਾ ਭਾਰਤ ਦੇ ਤਿੰਨ ਸੰਗੀਤਕਾਰਾਂ ਇੱਕ ਰੈਪਰ, ਗਾਇਕ ਅਤੇ ਬੀਟਬਾਕਸਰ ਦਾ ‘ਜੇ ਸਪਾਈਡਰ ਮੈਨ ਬਾਲੀਵੁੱਡ’ ਵੀ ਪ੍ਰੋਗਰਾਮ ਦਾ ਹਿੱਸਾ ਬਣਿਆ। ਸਕਾਟਲੈਂਡ ਦੀ ਦੱਖਣੀ ਏਸ਼ੀਆਈ ਆਰਟ ਸੰਸਥਾ ਥੈਈਆ ਆਰਟ ਨੇ ਮੈਡਨ, ਮਦਰ ਅਤੇ ਵੋਰ(ਵੇਸਵਾ) ਰਾਹੀਂ ਦੱਖਣੀ ਏਸ਼ੀਆਈ ਕਲਾਸੀਕਲ-ਕੰਟੈਂਪਰੇਰੀ ਡਾਂਸ, ਬੋਲਣ ਵਾਲੇ ਸ਼ਬਦ ਅਤੇ ਪ੍ਰੋਜੈਕਸ਼ਨ ਨੂੰ ਜੋੜਦਿਆਂ ਔਰਤ, ਮਾਂ ਅਤੇ ਸਮਾਜ ਵੱਲੋਂ ਬਣਾਈਆਂ ਪਛਾਣਾਂ ਨੂੰ ਮੰਚ ’ਤੇ ਪੇਸ਼ ਕੀਤਾ। ਇਸ ਤਰ੍ਹਾਂ ਫ੍ਰਿੰਜ ਭਾਰਤੀ ਕਲਾਕਾਰਾਂ ਲਈ ਆਪਣੀ ਕਲਾ, ਸਮਾਜਿਕ ਮੁੱਦੇ ਅਤੇ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦਾ ਅਹਿਮ ਮੰਚ ਬਣਿਆ। ਐਡਨਬਰਾ ਫਰਿੰਜ ਫੈਸਟੀਵਲ 2026 ਵਿੱਚ ਭਾਰਤੀ ਕਲਾਕਾਰਾਂ ਵਿੱਚ ਹਰਮਨ ਸਿੰਘ ਨੇ ਆਪਣੀ ਪੇਸ਼ਕਾਰੀ ਦਿੱਤੀ, ਜਦਕਿ ਭਾਰਤ ਦੇ ਪ੍ਰਸਿੱਧ ਸਟੈਂਡ-ਅੱਪ ਕਾਮੇਡੀਅਨ ਕਨਨ ਗਿੱਲ, ਤਰੰਗ ਹਾਰਦੀਕਰ , ਅਸ਼ਵਿਨ ਸ੍ਰਨਿਵਬ, ਅਦਿੱਤਿਆ ਗੌਤਮ ਅਤੇ ਕੋਹਲੀ ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਭਾਰਤੀ ਸੱਭਿਆਚਾਰ, ਪਛਾਣ ਅਤੇ ਬਸਤੀਵਾਦੀ ਭਾਰਤ ਨਾਲ ਜੁੜੇ ਵਿਸ਼ਿਆਂ ਨੂੰ ਵੀ ਨਾਚ ਅਤੇ ਥਿਏਟਰ ਰਾਹੀਂ ਮੇਲੇ ਦੇ ਮੰਚਾਂ ’ਤੇ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਕਾਮੇਡੀ, ਸੰਗੀਤ, ਨਾਚ ਅਤੇ ਥੀਏਟਰ ਰਾਹੀਂ ਭਾਰਤੀ ਕਲਾਕਾਰਾਂ ਨੇ ਦੁਨੀਆ ਦੇ ਇਸ ਵੱਡੇ ਕਲਾ ਮੇਲੇ ਵਿੱਚ ਭਾਰਤ ਦੀ ਵਿਭਿੰਨ ਸੱਭਿਆਚਾਰਕ ਪਛਾਣ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਸਾਹਮਣੇ ਰੱਖਿਆ। ਫਰਿੰਜ ਮੇਲੇ ਦੀ ਮਹੱਤਤਾ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਹੈ। ਇਹ ਨਵੇਂ ਅਤੇ ਅਣਜਾਣ ਕਲਾਕਾਰਾਂ ਨੂੰ ਵੀ ਉਹੀ ਮੌਕਾ ਦਿੰਦਾ ਹੈ ਜੋ ਸਥਾਪਤ ਕਲਾਕਾਰਾਂ ਨੂੰ ਮਿਲਦਾ ਹੈ ਅਤੇ ਕਈ ਕਲਾਕਾਰਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਇਥੋਂ ਹੁੰਦੀ ਹੈ। 2026 ਵਿੱਚ 63 ਦੇਸ਼ਾਂ ਤੋਂ 1,864 ਪ੍ਰੋਡਿਊਸਰਾਂ, ਪ੍ਰੋਗਰਾਮਰਾਂ, ਬੁਕਰਾਂ, ਟੈਲੇਂਟ ਏਜੰਸੀਆਂ ਤੇ ਹੋਰ ਕਲਾ-ਉਦਯੋਗ ਨਾਲ ਜੁੜੇ ਪੇਸ਼ੇਵਰਾਂ ਨੇ ਫ੍ਰਿੰਜ ਵਿੱਚ ਸ਼ਿਰਕਤ ਕੀਤੀ, ਜੋ ਇਥੋਂ ਨਵੇਂ ਸ਼ੋਅ ਚੁਣ ਕੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਟੂਰ ਜਾਂ ਪ੍ਰਸਾਰਣ ਲਈ ਲੈ ਜਾ ਸਕਦੇ ਹਨ। ਇਸੇ ਕਾਰਨ ਫ੍ਰਿੰਜ ਨੂੰ ਸਿਰਫ਼ ਫੈਸਟੀਵਲ ਹੀ ਨਹੀਂ, ਸਗੋਂ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀਪ੍ਰਦਰਸ਼ਨ ਕਲਾ ਕੇਂਦਰ ਵੀ ਮੰਨਿਆ ਜਾਂਦਾ ਹੈ।