ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਭਾਰਤੀ ਹਵਾਈ ਸੈਨਾ ਲਈ ਇੱਕ ਇਤਿਹਾਸਕ ਉਪਲਬਧੀ ਵਿਚ ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿਚ ਏਅਰ ਵਾਈਸ ਮਾਰਸ਼ਲ (ਏ.ਵੀ.ਐਮ.) ਜਾਂ ਇਸ ਦੇ ਬਰਾਬਰ ਦੇ ਰੈਂਕ ਤੱਕ ਪਹੁੰਚਣ ਵਾਲੀ ਪਹਿਲੀ ਮਹਿਲਾ ਅਧਿਕਾਰੀ (ਗੈਰ-ਮੈਡੀਕਲ) ਬਣ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਕਤੀ ਸ਼ਰਮਾ ਨੇ 1 ਸਤੰਬਰ ਨੂੰ ਏਅਰ ਹੈੱਡਕੁਆਰਟਰ ਵਿਖੇ ਅਸਿਸਟੈਂਟ ਚੀਫ਼ ਆਫ਼ ਦਿ ਏਅਰ ਸਟਾਫ਼ (ਐਜੂਕੇਸ਼ਨ) ਦਾ ਅਹੁਦਾ ਸੰਭਾਲ ਲਿਆ।
ਇਸ ਤੋਂ ਪਹਿਲਾਂ ਉਹ ਏਅਰ ਅਫ਼ਸਰ ਏਅਰ ਕਮੋਡੋਰ ਦੇ ਰੈਂਕ ’ਤੇ ਸੇਵਾ ਨਿਭਾ ਰਹੇ ਸੀ। 18 ਜੂਨ, 1994 ਨੂੰ ਹਵਾਈ ਫ਼ੌਜ ਦੀ ਐਜੂਕੇਸ਼ਨ ਬ੍ਰਾਂਚ ਵਿਚ ਕਮਿਸ਼ਨ ਪ੍ਰਾਪਤ ਕਰਨ ਵਾਲੀ ਏ.ਵੀ.ਐਮ. ਸ਼ਕਤੀ ਸ਼ਰਮਾ ਆਪਣੇ ਨਵੇਂ ਅਹੁਦੇ ਲਈ ਵੱਖ-ਵੱਖ ਖੇਤਰਾਂ ਵਿਚ ਵਿਸ਼ਾਲ ਤਜ਼ਰਬਾ ਲੈ ਕੇ ਆਏ ਹਨ। ਉਨ੍ਹਾਂ ਨੇ ਸਿਖਲਾਈ ਸੰਸਥਾਵਾਂ, ਫੀਲਡ ਸਟੇਸ਼ਨਾਂ, ਕਮਾਂਡ ਹੈੱਡਕੁਆਰਟਰਾਂ ਅਤੇ ਏਅਰ ਹੈੱਡਕੁਆਰਟਰ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਹੈ।
ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਸੰਸਥਾਗਤ ਪਹਿਲਕਦਮੀਆਂ ਦੀ ਅਗਵਾਈ ਕੀਤੀ, ਜਿਨ੍ਹਾਂ ਵਿਚ ਅਕਾਦਮਿਕ ਅਤੇ ਰਣਨੀਤਕ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਆਈ.ਆਈ.ਟੀ. ਕਾਨਪੁਰ ਅਤੇ ਪੁਣੇ ਯੂਨੀਵਰਸਿਟੀ ਵਿਚ ‘ਭਾਰਤੀ ਹਵਾਈ ਫ਼ੌਜ ਦੀ ਚੇਅਰਸ ਆਫ਼ ਐਕਸੀਲੈਂਸ’ ਦੀ ਸਥਾਪਨਾ ਕਰਨਾ ਵੀ ਸ਼ਾਮਿਲ ਹੈ।
ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਤਿੰਨਾਂ ਸੈਨਾਵਾਂ ’ਚੋਂ ਕਿਸੇ ਸੈਨਿਕ ਸਕੂਲ ਦੀ ਕਮਾਂਡ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਵੀ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਸੈਨਿਕ ਸਕੂਲ ਕਪੂਰਥਲਾ ਦੀ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ ਹੈ। ਇਹ ਇਤਿਹਾਸਕ ਉਪਲਬਧੀ ਭਾਰਤੀ ਰੱਖਿਆ ਸੈਨਾਵਾਂ ਵਿਚ ਮਹਿਲਾ ਅਧਿਕਾਰੀਆਂ ਦੀ ਯਾਤਰਾ ਵਿਚ ਇੱਕ ਨਵਾਂ ਅਧਿਆਇ ਜੋੜਦੀ ਹੈ।