ਟਰੰਪ ਵਲੋਂ ਬੱਚਿਆਂ ਦੀ ਟੀਕਾਕਰਨ ਨੀਤੀ ਬਦਲਣ ਦਾ ਹੁਕਮ, ਡਾਕਟਰਾਂ ਨੇ ਵਿਗਿਆਨਕ ਆਧਾਰ ’ਤੇ ਚੁੱਕੇ ਸਵਾਲ
ਨਿਊਯਾਰਕ, 11 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੱਚਿਆਂ ਦੀ ਟੀਕਾਕਰਨ ਸੂਚੀ ਵਿਚ ਵੱਡੇ ਬਦਲਾਅ ਲਈ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ । ਇਸ ਤਹਿਤ ਸਾਰੇ ਬੱਚਿਆਂ ਲਈ ਟੀਕਾਕਰਨ ਵਾਲੀਆਂ ਬਿਮਾਰੀਆਂ ਦੀ ਗਿਣਤੀ 18 ਤੋਂ ਘਟਾ ਕੇ 11 ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ।
ਨਿਊਯਾਰਕ, 11 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੱਚਿਆਂ ਦੀ ਟੀਕਾਕਰਨ ਸੂਚੀ ਵਿਚ ਵੱਡੇ ਬਦਲਾਅ ਲਈ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ । ਇਸ ਤਹਿਤ ਸਾਰੇ ਬੱਚਿਆਂ ਲਈ ਟੀਕਾਕਰਨ ਵਾਲੀਆਂ ਬਿਮਾਰੀਆਂ ਦੀ ਗਿਣਤੀ 18 ਤੋਂ ਘਟਾ ਕੇ 11 ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ । ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਟੀਕਿਆਂ ਬਾਰੇ ਵਧੇਰੇ ਫ਼ੈਸਲਾ ਲੈਣ ਦਾ ਅਧਿਕਾਰ ਮਿਲੇਗਾ । ਦੂਜੇ ਪਾਸੇ, ਬਾਲ ਰੋਗ ਮਾਹਿਰਾਂ ਤੇ ਜਨਤਕ ਸਿਹਤ ਸੰਸਥਾਵਾਂ ਨੇ ਇਸ ਨੂੰ ਵਿਗਿਆਨਕ ਪ੍ਰਕਿਰਿਆ ਤੋਂ ਹਟ ਕੇ ਚੁੱਕਿਆ ਗਿਆ ਕਦਮ ਦੱਸਿਆ ਹੈ । ਨਵੀਂ ਯੋਜਨਾ ਅਨੁਸਾਰ ਖਸਰਾ, ਕੰਨ ਪੇੜੇ, ਰੁਬੇਲਾ, ਡਿਫਥੀਰੀਆ, ਟੈਟਨਸ, ਕਾਲੀ ਖੰਘ, ਪੋਲੀਓ, ਹਿਬ, ਨਿਊਮੋਕੋਕਲ ਬਿਮਾਰੀ, ਐੱਚ.ਪੀ.ਵੀ. ਅਤੇ ਚਿਕਨਪੌਕਸ ਤੋਂ ਬਚਾਅ ਵਾਲੇ ਟੀਕੇ ਸਾਰੇ ਬੱਚਿਆਂ ਲਈ ਸਿਫ਼ਾਰਸ਼ੀ ਸੂਚੀ ਵਿਚ ਰਹਿਣਗੇ। ਕੋਵਿਡ-19, ਫਲੂ, ਰੋਟਾਵਾਇਰਸ, ਹੈਪੇਟਾਈਟਸ-ਏ, ਹੈਪੇਟਾਈਟਸ-ਬੀ ਅਤੇ ਬੈਕਟੀਰੀਅਲ ਮੈਨਿੰਜਾਈਟਿਸ ਦੇ ਕੁਝ ਟੀਕਿਆਂ ਬਾਰੇ ਫ਼ੈਸਲਾ ਮਾਪਿਆਂ ਤੇ ਡਾਕਟਰਾਂ ਦੀ ਸਾਂਝੀ ਸਲਾਹ ਨਾਲ ਕਰਨ ਦੀ ਤਜਵੀਜ਼ ਹੈ । ਆਰ.ਐੱਸ.ਵੀ., ਡੇਂਗੂ ਅਤੇ ਕੁਝ ਹੋਰ ਬਿਮਾਰੀਆਂ ਦੇ ਟੀਕੇ ਖਾਸ ਖ਼ਤਰੇ ਵਾਲੇ ਬੱਚਿਆਂ ਲਈ ਸਿਫ਼ਾਰਸ਼ ਕੀਤੇ ਜਾਣਗੇ । ਹੁਕਮ ਵਿਚ ਟੀਕਾਕਰਨ ਨੂੰ ਪੰਜ ਵੱਖ-ਵੱਖ ਡਾਕਟਰੀ ਮੁਲਾਕਾਤਾਂ ਵਿਚ ਵੰਡਣ ਅਤੇ ਇਕੋ ਸਮੇਂ ਕਈ ਟੀਕੇ ਨਾ ਲਗਾਉਣ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ । ਪਰ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵਧੇਰੇ ਮੁਲਾਕਾਤਾਂ ਕਾਰਨ ਮਾਪਿਆਂ ਦਾ ਸਮਾਂ ਅਤੇ ਖਰਚ ਵਧ ਸਕਦਾ ਹੈ, ਜਦਕਿ ਕੁਝ ਬੱਚਿਆਂ ਦਾ ਟੀਕਾਕਰਨ ਅਧੂਰਾ ਰਹਿ ਸਕਦਾ ਹੈ । ਡਾਕਟਰਾਂ ਨੇ ਖਸਰੇ ਦੇ ਪੁਰਾਣੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਟੀਕਾ ਆਉਣ ਤੋਂ ਪਹਿਲਾਂ ਅਮਰੀਕਾ ਵਿੱਚ ਹਰ ਸਾਲ ਕਰੀਬ 400 ਤੋਂ 500 ਲੋਕਾਂ ਦੀ ਮੌਤ ਹੁੰਦੀ ਸੀ ਅਤੇ ਲਗਭਗ 48 ਹਜ਼ਾਰ ਲੋਕ ਹਸਪਤਾਲ ਦਾਖ਼ਲ ਹੁੰਦੇ ਸਨ। ਵੱਡੇ ਪੱਧਰ ’ਤੇ ਟੀਕਾਕਰਨ ਮਗਰੋਂ ਇਹ ਗਿਣਤੀ ਲਗਭਗ ਖ਼ਤਮ ਹੋ ਗਈ ਸੀ। ਅਮਰੀਕਾ ਨੇ ਸਾਲ 2000 ਵਿੱਚ ਖਸਰੇ ਨੂੰ ਖ਼ਤਮ ਐਲਾਨ ਦਿੱਤਾ ਸੀ, ਪਰ ਟੀਕਾਕਰਨ ਦਰ ਘਟਣ ਕਾਰਨ ਹਾਲੀਆ ਸਾਲਾਂ ਵਿੱਚ ਇਸ ਦੇ ਮਾਮਲੇ ਮੁੜ ਵਧੇ ਹਨ । ਸੀ.ਡੀ.ਸੀ. ਨੇ ਇਹ ਦਾਅਵਾ ਵੀ ਨਕਾਰਿਆ ਹੈ ਕਿ ਇਕੋ ਦਿਨ ਕਈ ਟੀਕੇ ਲਗਾਉਣ ਨਾਲ ਬੱਚੇ ਦੀ ਰੋਗ-ਰੋਕੂ ਪ੍ਰਣਾਲੀ ਉੱਤੇ ਖ਼ਤਰਨਾਕ ਭਾਰ ਪੈਂਦਾ ਹੈ। ਮੌਜੂਦਾ ਹਾਲਾਤ ਵਿਚ ਮਾਪਿਆਂ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਐਲਾਨ ਨੂੰ ਤੁਰੰਤ ਲਾਗੂ ਹੋਇਆ ਨਵਾਂ ਟੀਕਾਕਰਨ ਕਾਨੂੰਨ ਨਾ ਸਮਝਿਆ ਜਾਵੇ । ਆਪਣੇ ਬੱਚੇ ਦਾ ਕੋਈ ਟੀਕਾ ਰੋਕਣ, ਦੇਰੀ ਨਾਲ ਲਗਵਾਉਣ ਜਾਂ ਸੂਚੀ ਬਦਲਣ ਤੋਂ ਪਹਿਲਾਂ ਬੱਚਿਆਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਜ਼ਰੂਰੀ ਹੈ।