ਐਬਟਸਫੋਰਡ, 7 ਮਈ (ਗੁਰਦੀਪ ਸਿੰਘ ਗਰੇਵਾਲ)-23 ਮਈ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹਰਬਰ ਗਰੀਨ ਪਾਰਕ ਵੈਨਕੂਵਰ ਵਿਚ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਵਿਖੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਸੁਸਾਇਟੀ ਅਹੁਦੇਦਾਰਾਂ ਵਲੋਂ ਪੰਜਾਬੀ ਪੈੱ੍ਰਸ ਕਲੱਬ ਆਫ਼ ਬੀ.ਸੀ. ਨਾਲ ਕੀਤੀ ਗਈ ਖ਼ਾਸ ਮੀਟਿੰਗ ਦੌਰਾਨ ਸਮਾਗਮ ਸਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ | ਗੁਰੂ ਨਾਨਕ ਜਹਾਜ਼ 'ਸੰਘਰਸ਼ ਤੇ ਮਨੁੱਖੀ ਹੱਕਾਂ ਲਈ ਘੋਲ' ਦਾ ਸ਼ਾਨਦਾਰ ਇਤਿਹਾਸ ਹੈ | ਪੈੱ੍ਰਸ ਕਾਨਫ਼ਰੰਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਰਾਜ ਸਿੰਘ ਭੰਡਾਲ, ਰਸ਼ਮਿੰਦਰ ਸਿੰਘ ਬੇਦੀ, ਪ੍ਰਭਜੋਤ ਸਿੰਘ ਖਰੌੜ, ਬਲਜੀਤ ਕੌਰ ਤੇ ਡਾ ਜਸਜੋਤ ਸਿੰਘ ਮਾਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ, ਵੈਨਕੂਵਰ ਦੇ ਸਮੁੰਦਰੀ ਤੱਟ 'ਤੇ 1199 ਵੈਸਟ ਕਾਰਡੋਵਾ ਸਟਰੀਟ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਉੱਪਰ 23 ਮਈ ਨੂੰ ਇਹ ਸਮਾਗਮ ਹੋਵੇਗਾ | ਅੱਜ ਮੀਟਿੰਗ 'ਚ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਨਾਲ ਸੰਬੰਧਤ ਸ਼ਖ਼ਸੀਅਤਾਂ 'ਚੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਹੋਤਾ, ਅਮਰਪਾਲ ਸਿੰਘ ਤੇ ਰਸ਼ਪਾਲ ਸਿੰਘ ਗਿੱਲ, ਬਲਦੇਵ ਸਿੰਘ ਮਾਨ, ਸੁਖਵਿੰਦਰ ਸਿੰਘ ਚੋਹਲਾ ਤੇ ਬਲਵੀਰ ਕੌਰ ਢਿੱਲੋਂ, ਪ੍ਰੋ. ਗੁਰਬਾਜ ਸਿੰਘ ਬਰਾੜ, ਸੀ. ਜੇ. ਸਿੱਧੂ ਤੇ ਕੁਲਦੀਪ ਸਿੰਘ, ਟੈਲੀਵਿਜ਼ਨ ਸ਼ਖਸੀਅਤਾਂ ਜਸਪ੍ਰੀਤ ਕੌਰ ਗਿੱਲ ਤੇ ਸਰਜਿੰਦਰ ਸਿੰਘ ਦੂਹੜੇ, ਕੰਵਲਜੀਤ ਸਿੰਘ ਲੱਕੀ ਰੰਧਾਵਾ, ਦਮਨਜੀਤ ਅਤੇ ਰਮਨ ਸ਼ਰਮਾ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਗੁਰੂ ਨਾਨਕ ਜਹਾਜ਼ ਹੈਰੀਟੇਜ ਵੱਲੋਂ ਸਾਂਝੇ ਤੌਰ 'ਤੇ ਬੀ.ਸੀ. ਖਾਲਸਾ ਦਰਬਾਰ, ਵੈਨਕੂਵਰ ਬੋਰਡ ਆਫ਼ ਪਾਰਕ ਐਂਡ ਰੀਕ੍ਰੀਏਸ਼ਨ ਤੇ ਵੈਨਕੂਵਰ ਸਿਟੀ ਆਦਿ ਦੇ ਸਹਿਯੋਗ ਨਾਲ ਹਰ ਸਾਲ ਇਹ ਯਾਦਗਾਰੀ ਸਮਾਗਮ ਕੀਤਾ ਜਾਂਦਾ ਹੈ |