ਟੋਰਾਂਟੋ, 14 ਅਪ੍ਰੈਲ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਭਾਰਤੀ ਰਾਜਦੂਤ ਦਿਨੇਸ਼ ਪਟਨਾਇਕ ਅਤੇ ਟੋਰਾਂਟੋ 'ਚ ਭਾਰਤ ਦੇ ਕੌਂਸਲ ਜਨਰਲ ਮਹਾਂਵੀਰ ਸਿੰਘਵੀ ਵਲੋਂ ਉਘੇ ਨੌਜਵਾਨ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਚੱਕ ਦੇ ਬੇਟੇ ਬਿਕਰਮਜੀਤ ਸਿੰਘ ਅੱਲਾਬਖਸ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਟਨਾਇਕ ਨੇ ਕਿਹਾ ਕਿ ਅੱਲਾਬਖਸ਼ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੈਨੇਡਾ ਅਤੇ ਭਾਰਤ 'ਚ ਵਸਦੇ ਲੋਕਾਂ ਦੀ ਭਾਈਚਾਰਕ ਸਾਂਝ ਵਧਾਉਣ 'ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਸਿੰਘਵੀ ਨੇ ਕਿਹਾ ਕਿ ਅੱਲਾਬਖਸ਼ ਉਦਮੀ ਨੌਜਵਾਨ ਹੈ ਅਤੇ ਅਜੋਕੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ | ਅੱਲਾਬਖਸ਼ ਵਿਸਾਖੀ ਮੌਕੇ ਅੰਮਿ੍ਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕੈਨੇਡਾ ਦੀਆਂ ਸੰਗਤਾਂ ਲਈ ਵਿਸਾਖੀ ਸੰਦੇਸ਼ ਲੈ ਕੇ ਟੋਰਾਂਟੋ ਪੁੱਜੇ ਹਨ | ਭਾਰਤੀ ਕੌਂਸਲਖਾਨੇ ਅਤੇ ਵਿਰਾਸਤ-ਏ-ਖ਼ਾਲਸਾ ਦੇ ਵਿਸ਼ੇਸ਼ ਸਮਾਗਮ 'ਚ ਅੱਲਾਬਖਸ਼ ਨੇ ਐਡਵੋਕੇਟ ਧਾਮੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਅਤੇ ਸਮੁੱਚੇ ਜਗਤ ਨੂੰ ਵਿਸਾਖੀ ਦੀ ਮੁਬਾਰਕਬਾਦ ਪੇਸ਼ ਕੀਤੀ | ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ ਕੈਨੇਡਾ 'ਚ ਜਾ ਕੇ ਸਿੱਖ ਕੌਮ ਦੇ ਚੜ੍ਹਦੀ ਕਲਾ ਦੇ ਸਿਧਾਂਤ 'ਤੇ ਪਹਿਰਾ ਦੇ ਕੇ ਆਪਣੀ ਕੌਮ ਦਾ ਨਾਂਅ ਰੌਸ਼ਨ ਕੀਤਾ | ਉਸੇ ਤਰ੍ਹਾਂ ਉਨ੍ਹਾਂ ਨੂੰ ਸਾਡੀ ਭਾਈਚਾਰਕ ਸਾਂਝ ਤੋੜਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ |