ਲੈਸਟਰ (ਇੰਗਲੈਂਡ), 29 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਡਰਬੀ ਸ਼ਹਿਰ ਦੇ ਇਕ ਘਰ 'ਚ ਇਕ ਨਵਜਾਤ ਬੱਚੇ ਦੀ ਮੌਤ ਹੋਣ ਦੇ ਮਾਮਲੇ 'ਚ ਅਦਾਲਤ 'ਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ 33 ਸਾਲਾ ਵਿਅਕਤੀ ਨੇ ਆਪਣੀ ਕਿਸ਼ੋਰ ਉਮਰ ਦੀ ਸਾਥਣ ਦੇ ਨਵਜਾਤ ਬੱਚੇ ਨੂੰ ਬੇਰਹਿਮੀ ਨਾਲ ਹਿਲਾਇਆ, ਜਿਸ ਕਾਰਨ ਬੱਚੇ ਦੀ ਹਾਲਤ ਗੰਭੀਰ ਹੋ ਗਈ ਤੇ ਬਾਅਦ 'ਚ ਉਸਦੀ ਮੌਤ ਹੋ ਗਈ | ਡਾਕਟਰੀ ਰਿਪੋਰਟਾਂ ਅਨੁਸਾਰ ਬੱਚੇ ਦੇ ਸਿਰ ਤੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ | ਪੁਲਿਸ ਨੇ ਦੱਸਿਆ ਕਿ ਬੱਚੇ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਦੋਸ਼ੀ ਨੇ ਪੁਲਿਸ ਨਾਲ ਗੱਲਬਾਤ ਦੌਰਾਨ ਬੇਪਰਵਾਹ ਵਰਤਾਓ ਕੀਤਾ, ਜਿਸ 'ਤੇ ਅਦਾਲਤ ਨੇ ਸਖ਼ਤ ਟਿੱਪਣੀ ਕੀਤੀ | ਜੱਜ ਨੇ ਕਿਹਾ ਕਿ ਇਹ ਮਾਮਲਾ ਬੱਚਿਆਂ ਨਾਲ ਹੋ ਰਹੀ ਹਿੰਸਾ ਦੀ ਇਕ ਦਰਦਨਾਕ ਮਿਸਾਲ ਹੈ | ਅਦਾਲਤ ਨੇ ਦੋਸ਼ੀ ਨੂੰ ਹਿਰਾਸਤ 'ਚ ਰੱਖਦਿਆਂ ਕਿਹਾ ਕਿ ਸਜ਼ਾ ਬਾਰੇ ਫੈਸਲਾ ਅਗਲੀ ਤਰੀਖ਼ 'ਤੇ ਸੁਣਾਇਆ ਜਾਵੇਗਾ |