30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਾਂਗਰਸਮੈਨ ਗ੍ਰੈਗਰੀ ਮੀਕਸ ਨਾਲ ਸਿੱਖ ਮਸਲਿਆਂ ’ ਤੇ ਅਹਿਮ ਵਿਚਾਰ - ਚਰਚਾ

ਨਿਊਯਾਰਕ, 29 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਸਿੱਖ ਕਾਕਸ ਕਮੇਟੀ ਅਮਰੀਕਾ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਵਲੋਂ ਨਿਊਯਾਰਕ ਦੇ 5ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸਮੈਨ ਗ੍ਰੈਗਰੀ ਡਬਲਯੂ. ਮੀਕਸ ਲਈ ਸਾਂਝਾ ਫੰਡਰੇਜ਼ਿੰਗ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 30-09-2026
ਨਿਊਯਾਰਕ, 29 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਸਿੱਖ ਕਾਕਸ ਕਮੇਟੀ ਅਮਰੀਕਾ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਵਲੋਂ ਨਿਊਯਾਰਕ ਦੇ 5ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸਮੈਨ ਗ੍ਰੈਗਰੀ ਡਬਲਯੂ. ਮੀਕਸ ਲਈ ਸਾਂਝਾ ਫੰਡਰੇਜ਼ਿੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਵਿਦੇਸ਼ੀ ਸਰਕਾਰਾਂ ਵਲੋਂ ਅਮਰੀਕੀ ਧਰਤੀ ’ਤੇ ਸਿੱਖ ਕਾਰਕੁਨਾਂ ਅਤੇ ਆਗੂਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ, ਧਮਕੀਆਂ ਦੇਣ ਅਤੇ ਹਿੰਸਕ ਸਾਜ਼ਿਸ਼ਾਂ ਰਚਣ ਦੇ ਦੋਸ਼ਾਂ ’ਤੇ ਚਿੰਤਾ ਪ੍ਰਗਟਾਈ। ਸਮਾਗਮ ਦੇ ਮੇਜ਼ਬਾਨ ਡਾ. ਪ੍ਰਿਤਪਾਲ ਸਿੰਘ ਨੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ ਵਿਵਾਦਿਤ ‘ਮਿ. ਸਿੰਘ’ ਪੋਸਟ ਦਾ ਮੁੱਦਾ ਕਾਂਗਰਸਮੈਨ ਮੀਕਸ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਕਿਸੇ ਇਕ ਵਿਅਕਤੀ ਨਾਲ ਜੁੜੇ ਮਾਮਲੇ ਨੂੰ ‘ਸਿੰਘ’ ਨਾਂਅ ਜਾਂ ਸਮੁੱਚੇ ਸਿੱਖ ਭਾਈਚਾਰੇ ਦੀ ਪਛਾਣ ਨਾਲ ਜੋੜਨ ਵਾਲੀ ਭਾਸ਼ਾ ਪੱਖਪਾਤ ਨੂੰ ਵਧਾ ਸਕਦੀ ਹੈ। ਉਨ੍ਹਾਂ ਨੇ ਸਰਕਾਰੀ ਅਦਾਰਿਆਂ ਨੂੰ ਜਨਤਕ ਸੰਚਾਰ ਦੌਰਾਨ ਨਿਰਪੱਖਤਾ ਅਤੇ ਹਰ ਭਾਈਚਾਰੇ ਦੇ ਮਾਣ-ਸਨਮਾਨ ਦਾ ਧਿਆਨ ਰੱਖਣ ਦੀ ਅਪੀਲ ਕੀਤੀ।ਡਾ. ਅਮਰਜੀਤ ਸਿੰਘ ਨੇ ਕਾਂਗਰਸਮੈਨ ਮੀਕਸ ਸਾਹਮਣੇ ਸਿੱਖ ਭਾਈਚਾਰੇ ਨਾਲ ਜੁੜੀਆਂ ਚਿੰਤਾਵਾਂ ਰੱਖਦਿਆਂ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਅਤੇ ਬਰਾਬਰ ਨਾਗਰਿਕ ਅਧਿਕਾਰ ਯਕੀਨੀ ਬਣਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।ਵਰਲਡ ਸਿੱਖ ਪਾਰਲੀਮੈਂਟ ਦੇ ਹਿਊਮਨ ਰਾਈਟਸ ਕੌਂਸਲ ਦੇ ਕੋਆਰਡੀਨੇਟਰ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਆਰ.ਐਸ.ਐਸ. ਨਾਲ ਸੰਬੰਧਿਤ ਗਤੀਵਿਧੀਆਂ ਦਾ ਮੁੱਦਾ ਉਠਾਇਆ। ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਵਿਚ ਆਰ.ਐਸ.ਐਸ. ਜਾਂ ਇਸ ਨਾਲ ਜੁੜੇ ਆਗੂਆਂ ਅਤੇ ਸੰਸਥਾਵਾਂ ਦੀਆਂ ਗਤੀਵਿਧੀਆਂ ਦੀ ਸੰਘੀ ਏਜੰਸੀਆਂ ਵਲੋਂ ਸਮੀਖਿਆ ਕੀਤੀ ਜਾਵੇ ਅਤੇ ਇਸ ਮਾਮਲੇ ਨੂੰ ਵਾਸ਼ਿੰਗਟਨ ਡੀ.ਸੀ. ਵਿਚ ਵੀ ਉਠਾਇਆ ਜਾਵੇ।ਸਮਾਗਮ ਵਿਚ ਸੰਯੁਕਤ ਰਾਜ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੇ ਚੇਅਰ ਡਾ. ਆਸਿਫ ਮਹਿਮੂਦ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸੰਯੁਕਤ ਰਾਜ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ ਨਵ-ਨਿਯੁਕਤ ਫੈਡਰਲ ਕਮਿਸ਼ਨਰ ਡਾ. ਗੁਨੀਸ਼ਾ ਕੌਰ ਵੀ ਸਮਾਗਮ ਵਿੱਚ ਮੌਜੂਦ ਰਹੇ। ਆਯੋਜਕਾਂ ਅਨੁਸਾਰ ਡਾ. ਗੁਨੀਸ਼ਾ ਕੌਰ ਸੰਯੁਕਤ ਰਾਜ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਵਿਚ ਸੇਵਾ ਨਿਭਾਉਣ ਵਾਲੇ ਪਹਿਲੇ ਸਿੱਖ ਹਨ। ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ, ਵਿਸਥਾਪਿਤ ਲੋਕਾਂ ਅਤੇ ਪੀੜਤ ਭਾਈਚਾਰਿਆਂ ਲਈ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੀ ਮੌਜੂਦਗੀ ਦੌਰਾਨ ਸਿੱਖ ਮਸਲਿਆਂ, ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਨਾਲ ਜੁੜੀਆਂ ਚਿੰਤਾਵਾਂ ਨੂੰ ਨੀਤੀ-ਨਿਰਧਾਰਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਪੰਥਕ ਜਥੇਬੰਦੀਆਂ ਵਿਚਕਾਰ ਤਾਲਮੇਲ ਦੀ ਅਹਿਮੀਅਤ ਉਭਾਰੀ ਗਈ।ਅਵਿਨਾਸ਼ ਕੌਰ ਨੇ ਦੱਸਿਆ ਕਿ ਸਿੱਖ ਕਾਕਸ ਕਮੇਟੀ ਅਮਰੀਕਾ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਦੇ ਆਗੂਆਂ ਨੇ ਕਿਹਾ ਕਿ ਅਮਰੀਕਾ ਵਿਚ ਵੱਸਦਾ ਸਿੱਖ ਭਾਈਚਾਰਾ ਆਰਥਿਕਤਾ, ਮਨੁੱਖੀ ਸੇਵਾ ਅਤੇ ਲੋਕਤੰਤਰਿਕ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਭਾਈਚਾਰੇ ਨਾਲ ਜੁੜੇ ਮਸਲਿਆਂ ਨੂੰ ਸਥਾਨਕ, ਸੂਬਾਈ ਅਤੇ ਫੈਡਰਲ ਪੱਧਰ ’ਤੇ ਸੁਣਿਆ ਜਾਣਾ ਚਾਹੀਦਾ ਹੈ।
ਪਿਛਲੀ ਖ਼ਬਰ ਭਾਰਤੀ ਮੂਲ ਦੇ ਵਿਅਕਤੀ ਸਮੇਤ 5 ਦੋਸ਼ੀਆਂ ਨੂੰ ਕੁੱਲ 82 ਸਾਲ ਦੀ ਕੈਦ ਅਗਲੀ ਖ਼ਬਰ ਦਹਾਕੇ ਦੀ ਭਾਲ ਮਗਰੋਂ ਦਾਵੁਦ ਅੰਸਾਰੀ ਅਮਰੀਕਾ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।