ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਯੂ.ਕੇ. ਵੱਲੋਂ ਚਾਗੋਸ ਟਾਪੂਆਂ ਦੀ ਪ੍ਰਭੂਸੱਤਾ ਮਾਰੀਸ਼ਸ਼ ਨੂੰ ਸੌਂਪ ਦੇਣਾ 'ਵੱਡੀ ਮੂਰਖਤਾ' ਕਿਹਾ ਹੈ | ਉਹਨਾਂ ਲਿਖਿਆ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਡਾ 'ਸ਼ਾਨਦਾਰ' ਨਾਟੋ ਸਹਿਯੋਗੀ, ਯੂਨਾਈਟਿਡ ਕਿੰਗਡਮ, ਇਸ ਸਮੇਂ ਡਿਏਗੋ ਗਾਰਸੀਆ ਟਾਪੂ, ਇਕ ਮਹੱਤਵਪੂਰਨ ਅਮਰੀਕੀ ਫੌਜੀ ਅੱਡੇ ਦੀ ਜਗ੍ਹਾ, ਮਾਰੀਸ਼ਸ ਨੂੰ ਦੇਣ ਦੀ ਯੋਜਨਾ ਬਣਾ ਰਿਹਾ ਹੈ ਤੇ ਬਿਨਾਂ ਕਿਸੇ ਕਾਰਨ ਦੇ ਅਜਿਹਾ ਕਰਨ ਦੀ ਯੋਜਨਾ ਬਣਾ ਰਿਹਾ ਹੈ | ਟਰੰਪ ਪ੍ਰਸ਼ਾਸਨ ਨੇ ਪਹਿਲਾਂ ਮਈ 'ਚ ਇਸ ਸੌਦੇ ਦਾ ਸਮਰਥਨ ਕੀਤਾ ਸੀ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸਨੂੰ 'ਸਮਾਰਕੀ ਪ੍ਰਾਪਤੀ' ਕਿਹਾ ਸੀ | ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਕਿਹਾ ਹੈ ਕਿ ਯੂ.ਕੇ.-ਅਮਰੀਕਾ ਫੌਜੀ ਅੱਡੇ 'ਤੇ 99 ਸਾਲਾਂ ਦੀ ਲੀਜ਼ ਤੇ ਰੱਖੇਗਾ, ਪਰ ਪ੍ਰਭੂਸੱਤਾ ਤੋਂ ਬਾਅਦ ਹੀ ਸੌਂਪਿਆ ਜਾਵੇਗਾ ਅਤੇ ਅਜੇਹਾ ਕਰਨ ਲਈ ਯੂ.ਕੇ. ਨੂੰ ਪ੍ਰਤੀ ਸਾਲ 101 ਮਿਲੀਅਨ ਪੌਂਡ ਦਾ ਖਰਚਾ ਆਵੇਗਾ | ਜ਼ਿਕਰਯੋਗ ਹੈ ਕਿ ਇਹ ਤਜਵੀਜ਼ ਆਖਰੀ ਪੜਾਅ ਤੇ ਹੈ ਜਿਸ ਨੂੰ ਬਰਤਾਨੀਆ ਦੀ ਸੰਸਦ ਤੋਂ ਪ੍ਰਵਾਨਗੀ ਮਿਲਣੀ ਬਾਕੀ ਹੈ |