ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਸਰਕਾਰ ਨੇ ਕੇਂਦਰੀ ਲੰਡਨ 'ਚ ਇਕ 'ਮੈਗਾ ਜਾਂ ਸੁਪਰ ਦੂਤਘਰ' ਬਣਾਉਣ ਦੀ ਚੀਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਸੰਸਦ ਮੈਂਬਰਾਂ ਤੇ ਕਾਰਕੁਨਾਂ ਵਲੋਂ ਉਠਾਈਆਂ ਗਈਆਂ ਸੁਰੱਖਿਆ ਚਿੰਤਾਵਾਂ ਨੂੰ ਪਾਸੇ ਰੱਖਦਿਆਂ, ਜ਼ੋਰ ਦੇ ਕੇ ਕਿਹਾ ਕਿ ਸਾਰੇ 'ਸੰਬੰਧਿਤ ਪਹਿਲੂਆਂ' ਨੂੰ ਧਿਆਨ 'ਚ ਰੱਖਿਆ ਗਿਆ ਹੈ | ਟਾਵਰ ਆਫ਼ ਲੰਡਨ ਦੇ ਨੇੜੇ ਸਾਬਕਾ ਰੋਇਲ ਮਿੰਟ ਕੋਰਟ 'ਚ 20,000 ਵਰਗ ਮੀਟਰ ਦੀ ਜਗ੍ਹਾ 'ਤੇ ਪ੍ਰਸਤਾਵਿਤ ਨਿਰਮਾਣ ਲਈ ਯੋਜਨਾ ਦੀ ਇਜਾਜ਼ਤ ਨੂੰ ਰਾਸ਼ਟਰੀ ਮਹੱਤਵ ਦੇ ਮਾਮਲੇ ਵਜੋਂ ਮੰਤਰੀ ਪੱਧਰ 'ਤੇ ਸਮੀਖਿਆ ਲਈ ਪੇਸ਼ ਕੀਤਾ ਗਿਆ ਸੀ | ਲੇਬਰ ਪਾਰਟੀ ਸਰਕਾਰ ਦੇ ਆਪਣੇ ਸੰਸਦ ਮੈਂਬਰਾਂ ਤੇ ਵਿਰੋਧੀ ਟੋਰੀ (ਕੰਜ਼ਰਵੇਟਿਵ ਪਾਰਟੀ) ਦੇ ਸੰਸਦ ਮੈਂਬਰਾਂ ਨੇ ਯੋਜਨਾ ਦੀ ਪ੍ਰਵਾਨਗੀ ਦਾ ਸਖ਼ਤ ਵਿਰੋਧ ਕੀਤਾ ਸੀ | ਲੰਡਨ ਸ਼ਹਿਰ ਦੇ ਵਿੱਤੀ ਜ਼ਿਲ੍ਹੇ ਨੇੜੇ ਹੋਣ ਕਰਕੇ ਤੇ ਚੀਨ ਨੂੰ ਇਕ 'ਦੁਸ਼ਮਣ ਰਾਸ਼ਟਰ' ਵਜੋਂ ਦਰਸਾਇਆ ਗਿਆ ਸੀ | ਯੂ.ਕੇ. ਘਰੇਲੂ ਤੇ ਭਾਈਚਾਰਕ ਮੰਤਰੀ ਸਟੀਵ ਰੀਡ ਨੇ ਕਿਹਾ ਕਿ ਲੰਡਨ ਵਿਚ ਨਵੇਂ ਦੂਤਾਵਾਸ ਲਈ ਯੋਜਨਾ ਦੀ ਇਜਾਜ਼ਤ ਦਾ ਫੈਸਲਾ ਲੈਂਦੇ ਸਮੇਂ ਸਾਰੇ ਮਹੱਤਵਪੂਰਨ ਪਹਿਲੂਆਂ ਨੂੰ ਧਿਆਨ 'ਚ ਰੱਖਿਆ ਗਿਆ ਸੀ | ਇਹ ਫੈਸਲਾ ਹੁਣ ਅੰਤਿਮ ਹੈ, ਜਦੋਂ ਤੱਕ ਇਸਨੂੰ ਅਦਾਲਤ ਵਿਚ ਚੁਣੌਤੀ ਵੀ ਨਹੀਂ ਦਿੱਤੀ ਜਾ ਸਕਦੀ | ਜ਼ਿਕਰਯੋਗ ਹੈ ਕਿ 2018 'ਚ ਚੀਨ ਨੇ ਇਸ ਇਤਿਹਾਸਕ ਸਥਾਨ ਨੂੰ 22.5 ਕਰੋੜ ਪੌਂਡ 'ਚ ਖਰੀਦਿਆ ਸੀ | ਇਸ ਮਹੀਨੇ ਦੇ ਅਖੀਰ 'ਚ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਚੀਨ ਦੌਰੇ ਤੋਂ ਪਹਿਲਾਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਇਸ ਕਾਰਨ ਇਸ ਫ਼ੈਸਲੇ ਦੀ ਵਿਰੋਧੀ ਧਿਰ ਵਲੋਂ ਅਲੋਚਨਾ ਵੀ ਕੀਤੀ ਜਾ ਰਹੀ ਹੈ |