ਵਿਨੀਪੈਗ, 20 ਜਨਵਰੀ (ਵਰਿੰਦਰ ਸਿੰਘ ਰੰਧਾਵਾ)-ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ 'ਚ ਧਸਦੀ ਜਾ ਰਹੀ ਜਵਾਨੀ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਦਾ ਇਕ ਕਾਰਗਰ ਤਰੀਕਾ ਹੋ ਸਕਦਾ ਹੈ ਕਿ ਬਚਿਆ ਦੇ ਮਨਾਂ 'ਚ ਖੇਡਾਂ ਪ੍ਰਤੀ ਸ਼ੋਕ ਪ੍ਰਫੁਲਿਤ ਕੀਤਾ ਜਾਏ | ਵਿਨੀਪੈਗ ਦੀ ਧਰਤੀ 'ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾ ਸਭਿਆਚਾਰਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਏ ਜਾਂਦੇ ਹਨ | ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਅੱਠਵਾਂ ਸ਼ਾਨਦਾਰ 'ਟੋਬਾ ਗੋਲਡ ਕੱਪ 2026' ਫ਼ੀਲਡ ਹਾਕੀ ਟੂਰਨਾਮੈਂਟ ਅਪ੍ਰੈਲ 24 (ਸ਼ੁੱਕਰਵਾਰ), 25 (ਸ਼ਨੀਵਾਰ) 'ਤੇ ਅਪ੍ਰੈਲ 26 (ਐਤਵਾਰ) ਨੂੰ 1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ | ਬੀਤੇ ਦਿਨੀਂ ਇਸ ਬਾਰੇ ਕਲੱਬ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ ਜਿਸ 'ਚ ਕਲੱਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸਿੱਧੂ ਨੇ ਆਪਣੇ ਬਾਕੀ ਮੈਂਬਰਾਨ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕੇ ਇਸ ਟੂਰਨਾਮੈਂਟ 'ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਅੱਠ ਟੀਮਾਂ ਹਿੱਸਾ ਲੈਣਗੀਆਂ | ਜਿਸ 'ਚ ਦੋ ਟੀਮਾਂ ਵਿਨੀਪੈਗ ਤੋ ਹੋਣਗੀਆਂ ਇਸ ਤੋਂ ਇਲਾਵਾ ਚਾਰ ਟੀਮਾਂ ਅੰਡਰ 14 ਸਾਲਾਂ ਦੇ ਬੱਚਿਆਂ ਦੀਆਂ ਵੀ ਹੋਣਗੀਆਂ ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ 'ਤੇ ਖੇਡਿਆ ਜਾਵੇਗਾ | ਸ਼ੁੱਕਰਵਾਰ ਨੂੰ ਟੂਰਨਾਮੈਂਟ ਦਾ ਆਗਾਜ਼ ਹੋਵੇਗਾ | ਜ਼ਿਆਦਾ ਤਰ ਲੀਗ ਮੈਚ ਸਨਿਚਰਵਾਰ ਨੂੰ ਖੇਡੇ ਜਾਣਗੇ ਇਹ ਸਵੇਰੇ ਅੱਠ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਜਾਰੀ ਰਹਿਣਗੇ | ਟੋਬਾ ਵਾਰੀਅਰਜ਼ ਵੱਲੋਂ ਪਹਿਲੇ ਸਥਾਨ 'ਤੇ ਦੂਸਰੇ ਸਥਾਨ ਰਹਿਣ ਵਾਲੀ ਟੀਮ ਨੂੰ ਨਕਦ ਇਨਾਮਾਂ ਤੋਂ ਇਲਾਵਾ ਮੈਡਲ ਤੇ ਟਰਾਫ਼ੀਆਂ ਵੀ ਦਿੱਤੀਆਂ ਜਾਣਗੀਆਂ | ਇਸ ਟੂਰਨਾਮੈਂਟ ਦੌਰਾਨ ਨਾਸ਼ਤੇ 'ਤੇ ਦੁਪਹਿਰ ਦੇ ਖਾਣੇ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ | ਟੂਰਨਾਮੈਂਟ ਦੇਖਣ ਲਈ ਕੋਈ ਐਂਟਰੀ ਫ਼ੀਸ ਨਹੀਂ ਹੈ | ਇਸ ਤੋਂ ਇਲਾਵਾ ਗਰਾਊਾਡ 'ਚ ਮੌਜੂਦ ਦਰਸ਼ਕਾਂ ਲਈ ਵਿਸ਼ੇਸ਼ ਇਨਾਮ ਕੱਢੇ ਜਾਣਗੇ | ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ ਟਰੇਨਿੰਗ ਵੀ ਚੱਲ ਰਹੀ ਹੈ | ਬੱਚਿਆਂ ਦੀ ਇਨ ਡੋਰ ਪ੍ਰੈਕਟਿਸ ਹਰ ਸ਼ਨੀਵਾਰ ਸ਼ਾਮ 05 ਤੋਂ 07 ਵਜੇ 'ਤੇ ਹਰ ਐਤਵਾਰ ਸ਼ਾਮ 4 ਤੋਂ 5 ਵਜੇ ਸੀਨੀਅਰ ਟੀਮ ਦੀ ਪ੍ਰੈਕਟਿਸ 1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਚ ਚੱਲ ਰਹੀ ਹੈ | ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ |