ਐੱਸ. ਏ. ਐੱਸ. ਨਗਰ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸਥਾਨਕ ਫੇਜ਼-9 ਸਥਿਤ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ 4 ਅਤੇ 5 ਨਵੰਬਰ ਨੂੰ ਹੋਣ ਵਾਲੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮੁਹਾਲੀ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਮੁਕਾਬਲਿਆਂ ਨੂੰ ਦੇਖਣ ਲਈ ਸਟੇਡੀਅਮ ‘ਚ ਕਰੀਬ 13 ਹਜ਼ਾਰ ਹਾਕੀ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ। ਖੇਡ ਸਕੱਤਰ ਵਰੁਣ ਰੂਜਮ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਨਿਚਰਵਾਰ ਨੂੰ ਸਟੇਡੀਅਮ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੀਟਿੰਗ ਦੌਰਾਨ ਵੱਖ-ਵੱਖ ਤਿਆਰੀਆਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ। ਇਸ ਦੌਰਾਨ ਸਟੇਡੀਅਮ ਦੇ ਬੁਨਿਆਦੀ ਢਾਂਚੇ, ਦਰਸ਼ਕਾਂ ਨਾਲ ਸੰਬੰਧਿਤ ਸਹੂਲਤਾਂ, ਸੁਰੱਖਿਆ ਪ੍ਰਬੰਧਾਂ, ਆਵਾਜਾਈ ਪ੍ਰਬੰਧਨ, ਤਕਨੀਕੀ ਲੋੜਾਂ ਅਤੇ ਹੋਰ ਪ੍ਰਬੰਧਕੀ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਤਾਂ ਜੋ ਮੁਕਾਬਲਿਆਂ ਦਾ ਸੁਚਾਰੂ ਪ੍ਰਬੰਧ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ ਨੇ ਸਮੂਹ ਹਾਕੀ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਵੱਡੀ ਗਿਣਤੀ ‘ਚ ਪਹੁੰਚ ਕੇ ਇਸ ਵੱਕਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਰੌਮਾਂਚਕ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦਾ ਆਨੰਦ ਮਾਣਨ ਅਤੇ ਹਿੱਸਾ ਲੈ ਰਹੀਆਂ ਟੀਮਾਂ ਦੀ ਹੌਂਸਲਾ-ਅਫ਼ਜਾਈ ਕਰਨ। ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਸਟੇਡੀਅਮ ‘ਚ ਸਾਰੇ ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਦਰਸ਼ਕ ਆਪਣੀਆਂ ਮੁਫ਼ਤ ਡਿਜ਼ੀਟਲ ਦਾਖ਼ਲਾ ਟਿਕਟਾਂ ਆਨਲਾਈਨ ਜਾਂ ਅਧਿਕਾਰਤ ਕਿਊ. ਆਰ. ਕੋਡ ਸਕੈਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਮੀਟਿੰਗ ‘ਚ ਡਾ. ਐਸ. ਪੀ. ਆਨੰਦ ਕੁਮਾਰ ਵਿਸ਼ੇਸ਼ ਸਕੱਤਰ ਖੇਡ ਵਿਭਾਗ, ਅਭਿਜੀਤ ਕਪਲਿਸ਼ ਡਾਇਰੈਕਟਰ ਖੇਡ ਵਿਭਾਗ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ. ਐਸ. ਪੀ. ਵਰੁਣ ਸ਼ਰਮਾ ਅਤੇ ਸੰਦੀਪ ਸਿੰਘ ਗਾੜ੍ਹਾ ਕਮਿਸ਼ਨਰ ਨਗਰ ਨਿਗਮ ਮੁਹਾਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਸੱਭਿਆਚਾਰਕ ਪ੍ਰੋਗਰਾਮ ਹੋਣਗੇ ਵਿਸ਼ੇਸ਼ ਖਿੱਚ ਦਾ ਕੇਂਦਰ
ਮੈਦਾਨ ’ਚ ਹੋਣ ਵਾਲੇ ਰੌਮਾਂਚਕ ਹਾਕੀ ਮੁਕਾਬਲਿਆਂ ਤੋਂ ਇਲਾਵਾ ਦਰਸ਼ਕਾਂ ਲਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਸਿੱਧ ਗਾਇਕਾਂ ਦੀਆਂ ਪੇਸ਼ਕਾਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ‘ਸਾਡਾ ਪਿੰਡ’ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਵਾਲੀ ਫ਼ੂਡ ਕੋਰਟ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ।