ਐੱਸ.ਏ.ਐੱਸ. ਨਗਰ, 3 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਨਿਊ ਚੰਡੀਗੜ੍ਹ ਵਿਚ ਵੈਸਟ ਇੰਡੀਜ਼ ਨੇ ਆਪਣੇ ਕਪਤਾਨ ਸ਼ਾਈ ਹੋਪ ਦੇ ਧੂੰਆਂਧਾਰ ਸੈਂਕੜੇ (ਦੌੜਾਂ: ਅਜੇਤੂ 162, ਗੇਂਦਾਂ: 143, ਚੌਕੇ: 17, ਛੱਕੇ: 3) ਦੀ ਬਦੌਲਤ ਵਿਸ਼ਵ ਦੀ ਨੰਬਰ-1 ਟੀਮ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 7 ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ ਸਨ। ਕੇ. ਐੱਲ. ਰਾਹੁਲ ਨੇ 87 ਗੇਂਦਾਂ ’ਤੇ ਅਜੇਤੂ 129 ਦੌੜਾਂ (ਚੌਕੇ: 10, ਛੱਕੇ: 6) ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 92 ਦੌੜਾਂ ਬਣਾਈਆਂ, ਜਦਕਿ ਰਿਤੁਰਾਜ ਗਾਇਕਵਾੜ ਨੇ 57 ਦੌੜਾਂ ਦਾ ਯੋਗਦਾਨ ਪਾਇਆ।ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟ ਇੰਡੀਜ਼ ਨੇ 10 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।ਇਕ ਦਿਨਾਂ ਕ੍ਰਿਕਟ ’ਚ ਇਹ ਭਾਰਤ ਖ਼ਿਲਾਫ਼ ਤੀਜਾ ਸਭ ਤੋਂ ਵੱਡਾ ‘ਰਨਚੇਜ’ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਭਾਰਤ ਨੇ 359 ਦੌੜਾਂ ਦਾ ਟੀਚਾ ਸਰ ਕਰਵਾ ਦਿੱਤਾ ਸੀ। ਉਥੇ ਹੀ ਵੈਸਟ ਇੰਡੀਜ਼ ਨੇ ਇਕ ਦਿਨਾ ਇਤਿਹਾਸ ’ਚ ਸਭ ਤੋਂ ਵੱਡਾ ‘ਰਨਚੇਜ’ ਕੀਤਾ। ਇਸ ਤੋਂ ਪਹਿਲਾਂ ਟੀਮ 2019 ’ਚ ਆਇਰਲੈਂਡ ਖ਼ਿਲਾਫ਼ 328 ਦੌੜਾਂ ਦਾ ਟੀਚਾ ਹਾਸਿਲ ਕਰਕੇ ਜਿੱਤੀ ਸੀ।