ਭੋਪਾਲ, 25 ਨਵੰਬਰ (ਏਜੰਸੀ)- ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਐੱਫ. ਆਈ. ਐੱਚ. ਦੀ ਤਾਜ਼ਾ ਵਿਸ਼ਵ ਦਰਜਾਬੰਦੀ ਵਿਚ ਚੌਥਾ ਸਥਾਨ ਹਾਸਲ ਕਰ ਲਿਆ ਹੈ, ਜੋ ਹੁਣ ਤੱਕ ਦੀ ਉਸ ਦੀ ਸਰਬੋਤਮ ਰੈਂਕਿੰਗ ਹੈ। ਭਾਰਤ ਨੇ ਇਥੇ ਬੁੱਧਵਾਰ ਨੂੰ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਮੁਕਾਬਲੇ ਵਿਚ ਜਪਾਨ ਨੂੰ 4-0 ਨਾਲ ਕਰਾਰੀ ਹਾਰ ਦਿੱਤੀ। ਭਾਰਤੀ ਟੀਮ ਨੇ ਇਸ ਤੋਂ ਇਕ ਦਿਨ ਪਹਿਲਾਂ ਹੀ ਚੀਨ ਨੂੰ 6-2 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਦਰਜਾਬੰਦੀ ਵਿਚ ਚੋਟੀ ਦੇ ਪੰਜ ਸਥਾਨਾਂ ’ਚ ਥਾਂ ਬਣਾਈ ਸੀ। ਏਸ਼ੀਆ ਦੀਆਂ ਦੋ ਮਜ਼ਬੂਤ ਟੀਮਾਂ ਖ਼ਿਲਾਫ਼ ਲਗਾਤਾਰ ਮਿਲੀਆਂ ਜਿੱਤਾਂ ਸਦਕਾ ਭਾਰਤ ਹੁਣ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਮੁਕਾਬਲੇ ਦੌਰਾਨ ਲਾਲਰੇਮਸਿਆਮੀ (12ਵੇਂ ਮਿੰਟ), ਦੀਪਿਕਾ (16ਵੇਂ, 48ਵੇਂ ਮਿੰਟ) ਅਤੇ ਨੇਹਾ (28ਵੇਂ ਮਿੰਟ) ਨੇ ਗੋਲ ਕਰਕੇ ਭਾਰਤ ਦੀ ਹਮਲਾਵਰ ਸਮਰੱਥਾ ਨੂੰ ਸਾਬਤ ਕੀਤਾ। ਜਪਾਨ ਖ਼ਿਲਾਫ਼ ਜਿੱਤ ਨਾਲ ਭਾਰਤੀ ਟੀਮ ਨੇ ਟੂਰਨਾਮੈਂਟ ਵਿਚ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ। ਇਸ ਤਰ੍ਹਾਂ ਉਸ ਨੇ ਲੀਗ ਗੇੜ ਦੇ ਸਾਰੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਕਪਤਾਨ ਸਲੀਮਾ ਟੇਟੇ ਦੀ ਅਗਵਾਈ ਹੇਠ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੇ ਟੂਰਨਾਮੈਂਟ ਵਿਚ ਮਲੇਸ਼ੀਆ, ਥਾਈਲੈਂਡ, ਦੱਖਣੀ ਕੋਰੀਆ, ਚੀਨ ਅਤੇ ਜਪਾਨ ਨੂੰ ਹਰਾਇਆ। ਹੁਣ ਟੀਮ ਦੀ ਨਜ਼ਰ ਆਪਣਾ ਚੌਥਾ ਏਸ਼ਿਆਈ ਚੈਂਪੀਅਨਜ਼ ਟਰਾਫੀ ਖ਼ਿਤਾਬ ਜਿੱਤਣ ਅਤੇ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਨ ’ਤੇ ਹੈ।
ਭਾਰਤ ਨੇ ਜਪਾਨ ਨੂੰ 4-0 ਨਾਲ ਹਰਾਇਆ ਵਿਸ਼ਵ ਦਰਜਾਬੰਦੀ ’ਚ ਚੌਥੇ ਸਥਾਨ ’ਤੇ ਪੁੱਜੀ ਭਾਰਤੀ ਮਹਿਲਾ ਹਾਕੀ ਟੀਮ
ਭੋਪਾਲ, 25 ਨਵੰਬਰ (ਏਜੰਸੀ)- ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਐੱਫ. ਆਈ.
ਗੋਲ ਕਰਨ ਉਪਰੰਤ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਭਾਰਤੀ ਖਿਡਾਰਨ ਦੀਪਿਕਾ।
26-11-2026