04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਅਮਰੀਕਾ ਤੇ ਯੂਰਪੀ ਸੰਘ ਦਾ ਟਕਰਾਅ

ਅਜੀਤ ਡੈਸਕ 23-01-2026

ਸਵਿਟਜ਼ਰਲੈਂਡ ਦੇ ਪ੍ਰਸਿੱਧ ਸ਼ਹਿਰ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਹੋ ਰਹੀ ਹੈ, ਜਿਸ ਵਿਚ ਦੁਨੀਆ ਭਰ ਦੇ ਦੇਸ਼ ਸ਼ਿਰਕਤ ਕਰ ਰਹੇ ਹਨ। ਇਕ ਤਰ੍ਹਾਂ ਨਾਲ ਅੱਜ ਦਾਵੋਸ 'ਤੇ ਕੌਮਾਂਤਰੀ ਪੱਧਰ 'ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਪਿਛਲੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਥੇ ਬੋਲਦਿਆਂ ਫਿਰ ਦੁਹਰਾਇਆ ਕਿ ਉੱਤਰੀ ਅਮਰੀਕਾ ਨਾਲ ਲਗਦੇ ਬਰਫ਼ ਨਾਲ ਢਕੇ ਦੁਨੀਆ ਦੇ ਸਭ ਤੋਂ ਵੱਡੇ ਟਾਪੂ ਗਰੀਨਲੈਂਡ ਨੂੰ ਉਹ ਅਮਰੀਕਾ ਦਾ ਹਿੱਸਾ ਬਣਾਏਗਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਈ ਵਾਰ ਇਹ ਵੀ ਬਿਆਨ ਦਿੱਤੇ ਸਨ ਕਿ ਉਹ ਆਪਣੇ ਗੁਆਂਢੀ ਵਿਸ਼ਾਲ ਧਰਤੀ ਵਾਲੇ ਦੇਸ਼ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਏਗਾ। ਟਰੰਪ ਦੂਸਰੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਹੈ। ਮਹਿਜ਼ ਇਕ ਸਾਲ ਦੇ ਅਰਸੇ ਵਿਚ ਉਸ ਨੇ ਆਪਣੇ ਬੜਬੋਲੇਪਨ ਅਤੇ ਅਮਲਾਂ ਨਾਲ ਇਕ ਤਰ੍ਹਾਂ ਨਾਲ ਦੁਨੀਆ ਵਿਚ ਭੜਥੂ ਪਾ ਦਿੱਤਾ ਹੈ ਤੇ ਇਸੇ ਹੀ ਅਰਸੇ ਵਿਚ ਉਸ ਨੇ ਵੈਨੇਜ਼ੁਏਲਾ 'ਤੇ ਵੀ ਇਕ ਤਰ੍ਹਾਂ ਨਾਲ ਕਬਜ਼ਾ ਹੀ ਕਰ ਲਿਆ।
ਈਰਾਨ ਨਾਲ ਉਹ ਹੁਣ ਤੱਕ ਕਈ ਵਾਰ ਟਕਰਾਅ ਚੁੱਕਾ ਹੈ। ਅਮਰੀਕੀ ਟੈਰਿਫ਼ ਦੇ ਨਾਂਅ 'ਤੇ ਉਸ ਨੇ ਹੁਣ ਤੱਕ ਦੁਨੀਆ ਦੇ ਬਹੁਤੇ ਦੇਸ਼ਾਂ 'ਤੇ ਆਪਣਾ ਦਬਾਅ ਬਣਾਉਣ ਦਾ ਯਤਨ ਕੀਤਾ ਹੈ। ਚਾਹੇ ਉਹ ਕਈ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕਰਦਾ ਰਿਹਾ ਹੈ ਪਰ ਭਾਰਤ 'ਤੇ ਵੀ ਉਹ ਟੈਰਿਫ਼ ਦੇ ਮਾਮਲੇ ਵਿਚ ਲਗਾਤਾਰ ਆਪਣਾ ਦਬਾਅ ਬਣਾ ਰਿਹਾ ਹੈ। ਚਾਹੇ ਹੁਣ ਤੱਕ ਉਹ 'ਅਮਰੀਕਾ ਫਸਟ' ਦਾ ਨਾਅਰਾ ਜ਼ਰੂਰ ਲਗਾਉਂਦਾ ਰਿਹਾ ਹੈ, ਪਰ ਆਪਣੀਆਂ ਕਾਰਵਾਈਆਂ ਨਾਲ ਉਹ ਅਮਰੀਕਾ ਨੂੰ ਅਲੱਗ-ਥਲੱਗ ਕਰਨ ਦਾ ਹੀ ਭਾਗੀ ਬਣਿਆ ਨਜ਼ਰ ਆ ਰਿਹਾ ਹੈ। ਕੈਨੇਡਾ ਸੈਂਕੜੇ ਵਰ੍ਹਿਆਂ ਤੋਂ ਉਸ ਦਾ ਵਧੀਆ ਦੋਸਤ ਅਤੇ ਹਮਸਫ਼ਰ ਬਣਿਆ ਰਿਹਾ ਹੈ। ਯੂਰਪ ਦੇ ਦਰਜਨਾਂ ਹੀ ਦੇਸ਼ ਅਮਰੀਕਾ ਦਾ ਦਮ ਭਰਦੇ ਰਹੇ ਹਨ ਅਤੇ ਹਮੇਸ਼ਾ ਉਸ ਨਾਲ ਸਹਿਯੋਗ ਨੂੰ ਤਰਜੀਹ ਦਿੰਦੇ ਰਹੇ ਹਨ, ਪਰ ਪਹਿਲਾਂ ਟੈਰਿਫ਼ ਅਤੇ ਹੁਣ ਗਰੀਨਲੈਂਡ ਦੇ ਸਵਾਲ 'ਤੇ ਯੂਰਪ ਭਰ ਵਿਚ ਅਮਰੀਕਾ ਪ੍ਰਤੀ ਖਟਾਸ ਪੈਦਾ ਹੋ ਰਹੀ ਹੈ। ਦਾਵੋਸ ਵਿਚ ਗਰੀਨਲੈਂਡ 'ਤੇ ਆਪਣਾ ਦਾਅਵਾ ਜਤਾਉਣ ਤੋਂ ਬਾਅਦ ਯੂਰਪੀਅਨ ਸੰਘ ਦੇ 27 ਦੇਸ਼ਾਂ ਨੇ ਉਸ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦਾ ਐਲਾਨ ਕਰ ਦਿੱਤਾ ਹੈ।
ਪਿਛਲੇ ਸਾਲ ਜੁਲਾਈ ਦੇ ਮਹੀਨੇ ਵਿਚ ਯੂਰਪੀਅਨ ਯੂਨੀਅਨ ਨਾਲ ਅਮਰੀਕਾ ਦਾ ਲੰਮੀ ਚੌੜੀ ਵਾਰਤਾ ਤੋਂ ਬਾਅਦ ਵਪਾਰ ਸਮਝੌਤਾ ਸਿਰੇ ਚੜ੍ਹਿਆ ਸੀ। ਹੁਣ ਟਰੰਪ ਤੋਂ ਨਾਰਾਜ਼ ਅਤੇ ਨਿਰਾਸ਼ ਹੋ ਕੇ ਯੂਰਪੀ ਸੰਘ ਨੇ ਅਮਰੀਕਾ ਨਾਲ ਹੋਏ ਵਪਾਰਕ ਸਮਝੌਤੇ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਗਰੀਨਲੈਂਡ ਸੈਂਕੜੇ ਵਰ੍ਹਿਆਂ ਤੋਂ ਯੂਰਪੀ ਦੇਸ਼ ਡੈਨਮਾਰਕ ਦਾ ਹਿੱਸਾ ਰਿਹਾ ਹੈ। ਡੈਨਮਾਰਕ ਯੂਰਪੀ ਸੰਘ ਦਾ ਮੈਂਬਰ ਦੇਸ਼ ਹੈ। ਉਨ੍ਹਾਂ ਦੀ ਸਾਂਝੀ ਯੂਰਪੀ ਸੰਸਦ ਵੀ ਬਣੀ ਹੋਈ ਹੈ, ਜਿਸ ਨੇ ਟਰੰਪ ਦੇ ਇਸ ਕਦਮ ਨੂੰ ਯੂਰਪੀ ਸੰਘ ਦੀ ਆਰਥਿਕ ਅਤੇ ਖੇਤਰੀ ਪ੍ਰਭੂਸੱਤਾ 'ਤੇ ਹਮਲਾ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਹੁਤੇ ਯੂਰਪੀ ਦੇਸ਼ਾਂ ਨੇ ਟਰੰਪ ਵਲੋਂ ਦਿੱਤੇ ਜਾਂਦੇ ਲਗਾਤਾਰ ਬਿਆਨਾਂ 'ਤੇ ਆਪਣਾ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ ਸੀ। 8 ਯੂਰਪੀ ਦੇਸ਼ਾਂ ਨੇ ਤਾਂ ਟਰੰਪ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਗਰੀਨਲੈਂਡ ਵਿਚ ਆਪੋ-ਆਪਣੇ ਦੇਸ਼ਾਂ ਦੀਆਂ ਕੁਝ ਫ਼ੌਜੀ ਟੁਕੜੀਆਂ ਵੀ ਭੇਜ ਦਿੱਤੀਆਂ ਸਨ, ਜਿਸ ਨਾਲ ਟਰੰਪ ਹੋਰ ਵੀ ਅੱਗ-ਬਬੂਲਾ ਹੋ ਗਿਆ ਸੀ।
ਪੈਦਾ ਹੋਏ ਇਸ ਵੱਡੇ ਵਿਵਾਦ ਤੋਂ ਬਾਅਦ ਬਣੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਜੇਕਰ ਟਰੰਪ ਗਰੀਨਲੈਂਡ ਨੂੰ ਹਥਿਆਉਣ ਸੰਬੰਧੀ ਆਪਣੇ ਕਦਮ ਅੱਗੇ ਵਧਾਉਂਦਾ ਹੈ, ਤਾਂ ਇਸ ਨਾਲ ਇਕ ਹੋਰ ਵੱਡੀ ਜੰਗ ਛਿੜਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਹਿਤ ਵਿਚ ਨਹੀਂ ਕਿਹਾ ਜਾ ਸਕਦਾ। ਅੱਜ ਅਮਰੀਕਾ ਵਿਚ ਵੀ ਟਰੰਪ ਦੀਆਂ ਅਜਿਹੀਆਂ ਕਾਰਵਾਈਆਂ ਵਿਰੁੱਧ ਵੱਡਾ ਰੋਸ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਬਿਨਾਂ ਸ਼ੱਕ ਅਜਿਹੀ ਸਥਿਤੀ ਅਮਰੀਕਾ ਵਰਗੇ ਸ਼ਕਤੀਸ਼ਾਲੀ ਅਤੇ ਵਿਸ਼ਾਲ ਦੇਸ਼ ਲਈ ਬੇਹੱਦ ਮੰਦਭਾਗੀ ਸਾਬਿਤ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਸਿਹਤ ਲਈ ਲਾਭਕਾਰੀ ਹੈ ਸੂਰਜ ਇਸ਼ਨਾਨ ਅਗਲੀ ਖ਼ਬਰ ਨਸ਼ਿਆਂ ਦੀ ਤਾਂਘ ਕਿਵੇਂ ਖ਼ਤਮ ਹੋਵੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।