ਅੱਜ ਦੇ ਸਮੇਂ ਵਿਚ ਲੋਕਾਂ ਦਾ ਝੁਕਾਅ ਯੋਗ ਅਤੇ ਪ੍ਰਾਣਾਯਾਮ ਵੱਲ ਕਾਫ਼ੀ ਵਧਿਆ ਹੈ। ਯੋਗ ਗੁਰੂ ਸਵਾਮੀ ਰਾਮਦੇਵ ਨੇ ਯੋਗ ਦੇ ਮਹੱਤਵ ਨੂੰ ਸਭ ਲੋਕਾਂ ਤੱਕ ਪਹੁੰਚਾ ਦਿੱਤਾ ਹੈ। ਜਦੋਂ ਦਾ ਲੋਕਾਂ ਨੇ ਯੋਗ ਅਤੇ ਪ੍ਰਾਣਾਯਾਮ ਦੇ ਮਹੱਤਵ ਨੂੰ ਜਾਣਿਆ ਹੈ, ਉਨ੍ਹਾਂ ਵਿਚ ਇਨ੍ਹਾਂ ਨੂੰ ਜਾਣਨ ਅਤੇ ਸਮਝਣ ਦੀ ਉਤਸੁਕਤਾ ਹੋਰ ਵੀ ਵਧ ਗਈ ਹੈ। ਇਹ ਇਕ ਸ਼ੁੱਭ ਸੰਕੇਤ ਹੈ। ਸਿਹਤ ਪ੍ਰਤੀ ਵਧੀ ਜਾਗਰੂਕਤਾ ਦਾ ਹੀ ਇਹ ਨਤੀਜਾ ਹੈ।
ਪ੍ਰਾਣਾਯਾਮ ਸਾਹ ਦੀ ਇਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਜੋ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਇੜਾ, ਪਿੰਗਲਾ ਅਤੇ ਸੁਸ਼ੁਮੰਨਾ, ਇਨ੍ਹਾਂ ਤਿੰਨਾਂ ਹੀ ਨਾੜੀਆਂ ਵਿਚ ਠੀਕ-ਠੀਕ ਸੰਤੁਲਨ ਕਰਕੇ ਅਰੋਗ ਬਲ, ਸ਼ਾਂਤੀ, ਇਕਾਗਰਤਾ ਅਤੇ ਲੰਮੀ ਉਮਰ ਪ੍ਰਦਾਨ ਕਰਨਾ ਪ੍ਰਾਣਾਯਾਮ ਦਾ ਮੁੱਖ ਉਦੇਸ਼ ਹੈ। ਇਸ ਨਾਲ ਅਮਾਸ਼ਿਆ, ਲੀਵਰ, ਕਿਡਨੀ, ਛੋਟੀ ਤੇ ਵੱਡੀ ਅੰਤੜੀ ਅਤੇ ਸਾਹਤੰਤਰ ਦੀ ਕਾਰਜਕੁਸ਼ਲਤਾ ਵਧਦੀ ਹੈ। ਨਤੀਜੇ ਵਜੋਂ ਅਨੇਕ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ। ਸਰੀਰ ਦੀ ਰੋਗ ਰੋਕੂ ਸ਼ਕਤੀ ਵਧਦੀ ਹੈ ਅਤੇ ਮਨ ਦੀ ਇਕਾਗਰਤਾ ਵਧਦੀ ਹੁੰਦਾ ਹੈ।
ਪ੍ਰਾਣਾਯਾਮ ਕਰ ਦੇ ਸਮੇਂ ਸਾਹ ਪ੍ਰਣਾਲੀ ਸੰਬੰਧੀ ਤਿੰਨ ਕਿਰਿਆਵਾਂ ਦੀ ਕੀਤੀਆਂ ਜਾਂਦੀਆਂ ਹਨ। ਸਾਹ ਅੰਦਰ ਗ੍ਰਹਿਣ ਕਰਨ ਦੀ ਕਿਰਿਆ ਨੂੰ 'ਪੂਰਕ' ਸਾਹ ਅਤੇ ਛੱਡਣ ਦੀ ਕਿਰਿਆ ਨੂੰ 'ਰੇਚਕ' ਅਤੇ ਸਾਹ ਰੋਕਣ ਦੀ ਕਿਰਿਆ ਨੂੰ ਕੁੰਭਕ' ਕਿਹਾ ਜਾਂਦਾ ਹੈ। 'ਕੁੰਭਕ' ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਅੰਤਰ ਕੁੰਭਕ ਅਤੇ ਬਾਹਰੀ ਕੁੰਭਬਕ। ਅੰਦਰ ਨੂੰ ਸਾਹ ਰੋਕਣ ਦੀ ਕਿਰਿਆ ਨੂੰ 'ਅੰਤਰ ਕੁੰਭਕ' ਅਤੇ ਬਾਹਰ ਨੂੰ ਸਾਹ ਛੱਡਣ ਦੀ ਕਿਰਿਆ ਨੂੰ 'ਬਾਹਰੀ ਕੁੰਭਬਕ' ਕਿਹਾ ਜਾਂਦਾ ਹੈ। ਪ੍ਰਾਣਾਯਾਮ ਦੀ ਆਪਣੀ ਇਕ ਹੱਦ ਹੁੰਦੀ ਹੈ। ਕੁਝ ਲੋਕ ਪ੍ਰਾਣਾਯਾਮ ਨੂੰ ਸਭ ਰੋਗਾਂ ਦੀ ਇਕ ਦਵਾਈ ਦੇ ਰੂਪ ਵਿਚ ਦੱਸਦੇ ਹਨ ਪਰ ਇਹ ਸੱਚ ਨਹੀਂ ਹੈ। ਹਾਈ ਬਲੱਡ ਪ੍ਰੈੱਸ਼ਰ, ਦਿਲ ਦੀ ਬਿਮਾਰੀ, ਚੱਕਰ ਜਾਂ ਦਿਮਾਗ਼ ਦੇ ਨੁਕਸਾਂ ਵਿਚ ਭਸਤ੍ਰਿਕਾ, ਕਪਾਲਭਾਤੀ ਅਤੇ ਮੂਰਛਾ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਫੇਫੜੇ ਦੀ ਬਿਮਾਰੀ ਹੋਵੇ, ਫੇਫੜੇ ਵਿਚ ਸੁਰਾਖ ਹੋਵੇ ਤਾਂ ਇਸ ਤਰ੍ਹਾਂ ਦੀ ਹਾਲਤ ਵਿਚ ਨਾੜੀ-ਸ਼ੋਧਨ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ। ਜ਼ਬਰਦਸਤੀ ਕੁੰਭਕ ਕਰਨ ਜਾਂ ਇਸ ਦੇ ਨਾਲ ਖਿਲਵਾੜ ਕਰਨ ਨਾਲ ਨਾੜੀਆਂ, ਫੇਫੜਿਆਂ ਅਤੇ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸਰਦੀਆਂ ਵਿਚ ਸ਼ੀਤਲੀ ਜਾਂ ਸ਼ੀਤਕਾਰੀ ਪ੍ਰਾਣਾਯਾਮ ਦਾ ਅਤੇ ਗਰਮੀ ਰੁੱਤ ਵਿਚ ਸੂਰਜਭੇਦਨ ਜਾਂ ਭ੍ਰਸਤ੍ਰਿਕਾ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ।
ਪ੍ਰਾਣਾਯਾਮ ਦੇ ਅਭਿਆਸ ਤੋਂ ਪਹਿਲਾਂ ਯੋਗ ਆਸਣਾਂ ਦਾ ਸਮੁੱਚਾ ਅਭਿਆਸ ਕਰਕੇ ਸਰੀਰ ਨੂੰ ਲਚੀਲਾ ਬਣਾ ਲੈਣਾ ਚਾਹੀਦਾ ਹੈ। ਸਿੱਧ ਆਸਣ ਜਾਂ ਪਦਮਾ ਆਸਣ ਹੀ ਪ੍ਰਾਣਾਯਾਮ ਲਈ ਉੱਤਮ ਆਸਣ ਹੈ। ਇਸ ਵਿਚ ਰੀੜ੍ਹ ਦੀ ਹੱਡੀ ਸਿੱਧੀ ਅਤੇ ਆਰਾਮ ਦੀ ਸਥਿਤੀ ਵਿਚ ਰਹਿੰਦੀ ਹੈ। ਨਾਲ ਹੀ ਇਸ ਵਿਚ ਮੋਢਿਆਂ ਦੇ ਫੈਲਾਅ ਜ਼ਿਆਦਾ ਰਹਿਣ ਕਾਰਨ ਫੇਫੜਿਆਂ ਨੂੰ ਪ੍ਰਾਣ ਹਵਾ ਗ੍ਰਹਿਣ ਕਰਨ ਵਿਚ ਕੋਈ ਰੁਕਾਵਟ ਨਹੀਂ ਹੁੰਦੀ ਹੈ।
ਭੋਜਨ ਕਰਨ ਦੇ ਅੱਧਾ ਘੰਟਾ ਪਹਿਲਾਂ ਜਾਂ ਚਾਰ ਘੰਟੇ ਬਾਅਦ ਹੀ ਪ੍ਰਾਣਾਯਾਮ ਦਾ ਅਭਿਆਸ ਕਰਨਾ ਚਾਹੀਦਾ ਹੈ। ਹਲਕੇ ਨਾਸ਼ਤੇ ਤੋਂ ਬਾਅਦ ਦੋ ਘੰਟੇ ਬਾਅਦ ਹੀ ਇਸ ਦਾ ਅਭਿਆਸ ਕਰਨਾ ਸਹੀ ਰਹਿੰਦਾ ਹੈ। ਉਂਜ ਆਦਰਸ਼ ਸਥਿਤੀ ਤਾਂ ਇਹ ਹੈ ਕਿ ਇਸ ਦੇ ਅਭਿਆਸ ਸਮੇਂ ਅਮਾਸ਼ਿਆ, ਵੱਡੀ ਅੰਤੜੀ ਅਤੇ ਮੂਤਰਾਸ਼ਿਆ ਖਾਲੀ ਰੱਖਣਾ ਚਾਹੀਦਾ ਹੈ। ਇਸ ਦਾ ਅਭਿਆਸ ਕਰਦੇ ਸਮੇਂ ਮਨ ਵਿਚ ਕਿਸੇ ਤਰ੍ਹਾਂ ਦੇ ਨਾਕਾਰਾਤਮਿਕ ਭਾਵ ਜਿਵੇਂ ਗੁੱਸਾ, ਨਫ਼ਰਤ, ਕ੍ਰੋਧ ਆਦਿ ਨਾ ਹੋਵੇ ਅਤੇ ਮਨ ਸ਼ਾਂਤ ਅਤੇ ਪ੍ਰਫੁੱਲਿਤ ਰਹਿਣਾ ਚਾਹੀਦਾ ਹੈ।
ਗੰਦੇ, ਬਦਬੂਦਾਰ, ਸਲ੍ਹਾਬੇ ਵਾਲੇ ਜਾਂ ਬੰਦ ਕਮਰੇ ਵਿਚ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਜਿਥੇ ਤੇਜ਼ ਅਤੇ ਸਿੱਧੀ ਹਵਾ ਵਗਦੀ ਹੋਵੇ, ਉਥੇ ਵੀ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ। ਜਿਥੇ ਦੀ ਹਵਾ ਬਹੁਤ ਜ਼ਿਆਦਾ ਠੰਢੀ ਹੋਵੇ ਜਾਂ ਬਹੁਤ ਜ਼ਿਆਦਾ ਗਰਮ ਹੋਵੇ, ਉਥੇ ਵੀ ਅਭਿਆਸ ਕਰਨਾ ਸਹੀ ਨਹੀਂ ਹੁੰਦਾ। ਭੀੜ-ਭਾੜ ਵਾਲੀ ਅਤੇ ਸ਼ੋਰ ਵਾਲੀ ਥਾਂ ਤੋਂ ਵੀ ਬਚਣਾ ਚਾਹੀਦਾ ਹੈ। ਹਵਾਦਾਰ, ਸਾਫ਼, ਸੁਖਦ ਅਤੇ ਸ਼ਾਂਤ ਵਾਤਾਵਰਨ ਵਿਚ ਹੀ ਅਭਿਆਸ ਕਰਨਾ ਸਹੀ ਰਹਿੰਦਾ ਹੈ।
ਪ੍ਰਾਣਾਯਾਮ ਕਰਦੇ ਸਮੇਂ ਨਾ ਤਾਂ ਸਰੀਰ ਵਿਚ ਅਕੜਨ ਹੀ ਰਹਿਣੀ ਚਾਹੀਦੀ ਹੈ ਅਤੇ ਨਾ ਹੀ ਢਿੱਲਾਪਨ। ਸਰੀਰ ਵਿਚ ਕਿਸੇ ਤਰ੍ਹਾਂ ਦਾ ਤਣਾਅ ਵੀ ਨਹੀਂ ਰਹਿਣਾ ਚਾਹੀਦਾ। ਬਹੁਤ ਲੋਕ ਪੂਰਨ ਅਤੇ ਰੇਚਕ ਕਰਦੇ ਸਮੇਂ ਸਰੀਰ ਨੂੰ ਬਹੁਤ ਜ਼ਿਆਦਾ ਹਿਲਾਉਂਦੇ ਹਨ ਜੋ ਕਿਸੇ ਹਾਲਤ ਵਿਚ ਵੀ ਠੀਕ ਨਹੀਂ ਹੈ। ਅਭਿਆਸ ਸਮੇਂ ਸਰੀਰ ਨਾ ਹਿਲ ਸਕੇ, ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਪ੍ਰਾਣਾਯਾਮ ਦੇ ਸ਼ੁਰੂਆਤੀ ਦੌਰ ਵਿਚ ਹੀ ਅੱਤ 'ਤੇ ਨਹੀਂ ਪਹੁੰਚ ਜਾਣਾ ਚਾਹੀਦਾ। ਆਪਣੀ ਤਾਕਤ ਅਨੁਸਾਰ ਹੌਲੀ-ਹੌਲੀ ਫੇਫੜੇ ਦੇ ਸ਼ਕਤੀਸ਼ਾਲੀ ਹੋ ਜਾਣ 'ਤੇ ਹੀ ਅਭਿਆਸ ਦੀ ਗਤੀ ਅਤੇ ਸਮਾਂ ਵਧਾਉਣਾ ਚਾਹੀਦਾ ਹੈ। ਕਦੀ ਵੀ ਅਭਿਆਸ ਦੇ ਦੌਰਾਨ ਜ਼ੋਰ ਨਾਲ ਸਾਹ ਦੀ ਕਿਰਿਆ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਗ਼ੈਰ-ਜ਼ਰੂਰੀ ਆਵਾਜ਼ ਹੀ ਪੈਦਾ ਕਰਨੀ ਚਾਹੀਦੀ ਹੈ। ਨਤੀਜੇ ਵਜੋਂ ਅਭਿਆਸ ਲਈ ਸਭ ਤੋਂ ਸਹੀ ਸਮਾਂ ਸਵੇਰ ਦਾ ਹੀ ਹੁੰਦਾ ਹੈ, ਜਦੋਂ ਵਾਤਾਵਰਨ ਸ਼ਾਂਤ ਅਤੇ ਸਾਫ਼ ਰਹਿੰਦਾ ਹੈ।
ਜਦੋਂ ਕਰੋ ਤੁਸੀਂ ਪ੍ਰਾਣਾਯਾਮ
ਅਜੀਤ ਡੈਸਕ
08-05-2026