14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਿਹਤ ਖ਼ਬਰਨਾਮਾ

ਅਜੀਤ ਡੈਸਕ 30-01-2026

ਜ਼ਿਆਦਾ ਦੁੱਧ ਦੀ ਵਰਤੋਂ ਕੈਂਸਰ ਦਾ ਕਾਰਨ
ਬੋਸਟਨ ਵਿਚ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਨੇ ਆਪਣੀ ਇਕ ਖੋਜ ਵਿਚ ਪਾਇਆ ਹੈ ਕਿ ਗਰਭ ਧਾਰਨ ਕਰਨ ਨਾਲ ਜਿਥੇ ਔਰਤਾਂ ਨੂੰ ਕੈਂਸਰ ਦੀ ਸੰਭਾਵਨਾ ਘੱਟ ਹੁੰਦੀ ਹੈ, ਉਥੇ ਦੁੱਧ ਪੀਣ ਨਾਲ ਔਰਤਾਂ ਵਿਚ ਕੈਂਸਰ ਦੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਖੋਜ ਦੌਰਾਨ ਮਾਹਿਰਾਂ ਨੇ ਇਹ ਵੀ ਨੋਟਿਸ ਕੀਤਾ ਕਿ ਜਿਨ੍ਹਾਂ ਔਰਤਾਂ ਦੇ ਜ਼ਿਆਦਾ ਬੱਚੇ ਹੁੰਦੇ ਹਨ, ਉਨ੍ਹਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਹਾਰਮੋਨ ਰਿਪਲੇਸਮੈਂਟ ਥੈਰੇਪੀ ਐਚ. ਆਰ. ਟੀ. ਵੀ ਹਾਰਮੋਨ ਦੇ ਪੱਧਰ ਨੂੰ ਪ੍ਰਭਾਵਿਤ ਕਰਦੀ ਹੈ, ਜੋ ਕੈਂਸਰ ਦੇ ਵਿਕਾਸ 'ਤੇ ਪ੍ਰਭਾਵ ਪਾਉਂਦਾ ਹੈ। ਗਰਭ ਅਵਸਥਾ, ਐਚ. ਆਰ. ਟੀ. ਅਤੇ ਦੁੱਧ ਪੀਣਾ ਆਈ. ਜੀ. ਐਫ-1 ਨਾਮੀ ਹਾਰਮੋਨ ਦੇ ਵਿਕਾਸ 'ਤੇ ਪ੍ਰਭਾਵ ਪਾਉਂਦਾ ਹੈ, ਜੋ ਕੈਂਸਰ ਦਾ ਕਾਰਨ ਬਣਦਾ ਹੈ। 'ਅਮਰੀਕਾ ਦੀ ਇਕ ਕੈਂਸਰ ਖੋਜ ਸੰਸਥਾ' ਵਲੋਂ ਪ੍ਰਕਾਸ਼ਿਤ 'ਕੈਂਸਰ ਐਪੀਡੈਮੀਓਲੋਜੀ ਬਾਇਓਮਾਰਕਸ ਐਂਡ ਪ੍ਰੀਵੈਂਸ਼ਨ' ਵਿਚ ਪ੍ਰਕਾਸ਼ਿਤ ਇਸ ਖੋਜ ਦੇ ਮਾਹਿਰਾਂ ਹੋਮਜ਼ ਅਤੇ ਉਨ੍ਹਾਂ ਦੇ ਸਾਥੀਆਂ ਨੇ 1000 ਤੋਂ ਜ਼ਿਆਦਾ ਨਰਸਾਂ 'ਤੇ ਖੋਜ ਕੀਤੀ। ਇਸ ਖੋਜ ਵਿਚ ਇਨ੍ਹਾਂ ਨੇ ਇਨ੍ਹਾਂ ਦੀ ਡਾਈਟ ਦਾ ਰਿਕਾਰਡ ਰੱਖਿਆ ਅਤੇ ਦੇਖਿਆ ਕਿ ਜਿਨ੍ਹਾਂ ਔਰਤਾਂ ਨੇ ਦੁੱਧ ਦੀ ਜ਼ਿਆਦਾ ਵਰਤੋਂ ਕੀਤੀ, ਉਨ੍ਹਾਂ ਵਿਚ ਆਈ. ਜੀ. ਐਫ.-1 ਦਾ ਪੱਧਰ ਜ਼ਿਆਦਾ ਪਾਇਆ ਗਿਆ। ਆਈ. ਜੀ. ਐਫ.-1 ਸਰੀਰ ਦੇ ਅੰਗਾਂ ਦੇ ਵਿਕਾਸ ਅਤੇ ਕਾਰਜ ਪ੍ਰਣਾਲੀ ਲਈ ਮਹੱਤਵਪੂਰਨ ਹੈ ਪਰ ਇਸ ਦਾ ਜ਼ਿਆਦਾ ਅਸਰ ਪ੍ਰੋਸਟੇਟ, ਕੋਲੋਨ, ਫੇਫੜਿਆਂ ਅਤੇ ਔਰਤਾਂ 'ਚ ਛਾਤੀ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦਾ ਹੈ।
ਰੋਗਾਂ ਦੀ ਜੜ੍ਹ ਹੈ ਘੱਟ ਸਰਗਰਮੀ ਵਾਲੀ ਜੀਵਨ ਸ਼ੈਲੀ
ਨਵੀਆਂ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਹੈ ਘੱਟ ਸਰਗਰਮੀ ਵਾਲੀ ਜੀਵਨ ਸ਼ੈਲੀ। ਇਸੇ ਕਾਰਨ ਭਾਰਤ ਵਿਚ ਸ਼ੂਗਰ ਅਤੇ ਦਿਲ ਦੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਭਾਰਤੀ ਲੋਕ ਵੀ ਪੱਛਮੀ ਦੇਸ਼ਾਂ ਦੇ ਜੀਵਨ ਵਾਂਗ ਸਰੀਰਕ ਮਿਹਨਤ ਕਰਨ ਤੋਂ ਝਿਜਕ ਰਹੇ ਹਨ ਅਤੇ ਪੂਰੀ ਤਰ੍ਹਾਂ ਮਸ਼ੀਨਾਂ 'ਤੇ ਨਿਰਭਰ ਹੁੰਦੇ ਜਾ ਰਹੇ ਹਨ। ਅੱਜ ਪੱਛਮੀ ਦੇਸ਼ਾਂ ਦੀ ਦੇਖਾ-ਦੇਖੀ ਜੰਕ ਫੂਡ ਦਾ ਰਿਵਾਜ ਵੀ ਵਧਦਾ ਜਾ ਰਿਹਾ ਹੈ ਜੋ ਸਿਰਫ਼ ਬਿਮਾਰੀਆਂ ਹੀ ਦੇ ਰਿਹਾ ਹੈ।
ਸ਼ੂਗਰ ਦੇ ਰੋਗੀਆਂ ਵਿਚ ਖੂਨ ਵਿਚ ਪਾਈ ਜਾਣ ਵਾਲੀ ਸ਼ੱਕਰ ਦਿਲ ਦੀਆਂ ਧਮਣੀਆਂ ਵਿਚ ਜਮ੍ਹਾਂ ਹੋਣ ਲਗਦੀ ਹੈ ਅਤੇ ਧਮਣੀਆਂ ਦੇ ਲਚੀਲੇਪਨ ਤੇ ਸੁੰਗੜਨ ਵਿਚ ਕਮੀ ਆਉਣ ਲਗਦੀ ਹੈ, ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਦਿਲ ਦੇ ਰੋਗਾਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਦੋਂ ਅਸੀਂ ਕੋਈ ਸਰੀਰਕ ਮਿਹਨਤ ਕਰਦੇ ਹਾਂ ਤਾਂ ਇਸ ਸ਼ੱਕਰ ਦੀ ਵਰਤੋਂ ਹੁੰਦੀ ਹੈ ਅਤੇ ਘੱਟ ਸਰਗਰਮੀ ਵਾਲੀ ਜੀਵਨ ਸ਼ੈਲੀ ਹੋਣ ਕਰਕੇ ਇਹ ਸਾਡੇ ਸਰੀਰ ਵਿਚ ਜਮ੍ਹਾਂ ਹੋਣ ਲਗਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਵਿਅਕਤੀ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਲੈ ਆਵੇ ਅਤੇ ਸਰੀਰਕ ਮਿਹਨਤ ਕਰੇ ਜਿਵੇਂ ਕਸਰਤ ਕਰਨਾ ਤੇ ਸੈਰ ਕਰਨਾ ਤਾਂ ਉਹ ਕਿਸੇ ਹੱਦ ਤੱਕ ਇਨ੍ਹਾਂ ਬਿਮਾਰੀਆਂ 'ਤੇ ਕਾਬੂ ਪਾ ਸਕਦਾ ਹੈ।
ਗਰਭ ਅਵਸਥਾ ਵਿਚ ਅਦਰਕ ਦੀ ਵਰਤੋਂ ਲਾਭਕਾਰੀ
ਅਦਰਕ ਨੂੰ ਭਾਰਤੀ ਭੋਜਨ ਵਿਚ ਮਸਾਲੇ ਦੇ ਰੂਪ ਵਿਚ ਤਾਂ ਵਰਤਿਆ ਹੀ ਜਾਂਦਾ ਹੈ, ਨਾਲ ਹੀ ਇਹ ਇਕ ਗੁਣਕਾਰੀ ਦਵਾਈ ਵੀ ਹੈ। ਸਰਦੀਆਂ ਵਿਚ ਖੰਘ, ਜ਼ੁਕਾਮ ਹੋਣ 'ਤੇ ਇਸ ਦੀ ਵਰਤੋਂ ਲਾਭਕਾਰੀ ਹੈ ਅਤੇ ਹੁਣ ਇਕ ਨਵੀਂ ਖੋਜ ਵਿਚ ਸਾਹਮਣੇ ਆਇਆ ਹੈ ਕਿ ਗਰਭ ਅਵਸਥਾ ਵਿਚ ਵੀ ਇਸ ਦੀ ਵਰਤੋਂ ਲਾਭਕਾਰੀ ਹੁੰਦੀ ਹੈ। ਗਰਭ ਅਵਸਥਾ ਵਿਚ ਔਰਤਾਂ ਨੂੰ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿਚੋਂ ਇਕ ਹੈ 'ਮਾਰਨਿੰਗ ਸਿਕਨੈੱਸ'। 60-80 ਫ਼ੀਸਦੀ ਗਰਭਵਤੀ ਔਰਤਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਹੁਣ ਇਕ ਨਵੀਂ ਖੋਜ ਅਨੁਸਾਰ ਅਦਰਕ ਦੀ ਵਰਤੋਂ ਗਰਭ ਅਵਸਥਾ ਵਿਚ ਔਰਤਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਏਗੀ। ਮਾਹਿਰਾਂ ਨੇ ਆਪਣੀ ਖੋਜ ਵਿਚ 26 ਗਰਭਵਤੀ ਔਰਤਾਂ ਨੂੰ ਜਿੰਜਰ ਹਨੀ ਟਾਨਿਕ ਸਿਰਪ ਵਰਤੋਂ ਕਰਨ ਲਈ ਦਿੱਤੀ। ਜਿਨ੍ਹਾਂ ਔਰਤਾਂ ਨੇ ਇਸ ਸਿਰਪ ਦੀ ਵਰਤੋਂ ਕੀਤੀ, ਉਨ੍ਹਾਂ ਗਰਭ ਅਵਸਥਾ ਵਿਚ ਹੋਣ ਵਾਲੇ ਇਨ੍ਹਾਂ ਲੱਛਣਾਂ ਦਾ ਘੱਟ ਸਾਹਮਣਾ ਕਰਨਾ ਪਿਆ। ਇਸ ਖੋਜ ਦੇ ਖੋਜਕਾਰਾਂ ਅਨੁਸਾਰ ਅਦਰਕ ਦੀ ਵਰਤੋਂ ਪੇਟ ਨੂੰ ਠੀਕ ਰੱਖਦੀ ਹੈ, ਇਸ ਲਈ ਜੀਅ ਮਚਲਨਾ ਆਦਿ ਸਮੱਸਿਆਵਾਂ ਨਹੀਂ ਹੁੰਦੀਆਂ। ਮਾਹਿਰਾਂ ਅਨੁਸਾਰ ਹਰ ਰੋਜ਼ ਇਕ ਗ੍ਰਾਮ ਅਦਰਕ ਦੀ ਮਾਤਰਾ ਦੀ ਵਰਤੋਂ 'ਮਾਰਨਿੰਗ ਸਿਕਨੈੱਸ' ਤੋਂ ਛੁਟਕਾਰਾ ਦਿਵਾਉਣ 'ਚ ਸਹਾਈ ਹੁੰਦੀ ਹੈ।

ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਵਲੋਂ ਸ਼ੁਰੂ ਕੀਤੇ ਮੁਫ਼ਤ ਸਿਹਤ ਕੈਂਪ 'ਚ 1017 ਲੋਕਾਂ ਨੇ ਚੁੱਕਿਆ ਲਾਭ <br/> ਅਗਲੀ ਖ਼ਬਰ ਰੋਗਪ੍ਰਤੀਰੋਧੀ ਸ਼ਕਤੀ ਅਤੇ ਵਿਟਾਮਿਨ ਨਾਲ ਭਰਪੂਰ ਸ਼ਹਿਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।