'ਜੁਗਤੀ' ਲਫ਼ਜ਼ ਦਾ ਅਰਥ ਹੈ, ਢੰਗ ਜਾਂ ਤਰੀਕਾ। ਸੰਸਾਰ ਭਰ ਦੇ ਲੋਕ ਜੋ ਵੀ ਕੰਮ ਕਰਦੇ ਹਨ, ਉਹ ਕਿਸੇ ਜੁਗਤੀ ਨਾਲ ਹੀ ਹੁੰਦਾ ਹੈ। ਕੋਈ ਕੰਮ ਕਿਸੇ ਜੁਗਤੀ ਤੋਂ ਬਿਨਾਂ ਸੰਭਵ ਨਹੀਂ। ਪਹਿਲੀ ਪਾਤਿਸ਼ਾਹੀ ਅਤੇ ਸਮੁੱਚੇ ਸੰਸਾਰ ਦੇ ਸੱਚੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਰਚਨਾ ਜਪੁ ਜੀ ਸਾਹਿਬ ਵਿਚ ਪਰਮਾਤਮਾ ਦੀ ਪ੍ਰਾਪਤੀ ਦੀ ਜੁਗਤੀ ਬਿਆਨ ਕਰਦੇ ਹਨ। ਇਸ ਮਹਾਨ ਗੁਰਬਾਣੀਰਚਨਾ ਦੀ 33ਵੀਂ ਪਾਉੜੀ ਵਿਚ ਆਪ ਜੀ ਫੁਰਮਾਉਂਦੇ ਹਨ:
ਆਖਣਿ ਜੋਰੁ ਚੁਪੈ ਨਹ ਜੋਰੁ॥
ਜੋਰੁ ਨ ਮੰਗਣਿ ਦੇਣਿ ਨ ਜੋਰੁ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ॥
ਜੋਰੁ ਨ ਰਾਜਿ ਮਾਲਿ ਮਨ ਸੋਰੁ॥
ਜੋਰੁ ਨ ਸੁਰਤੀ ਗਿਆਨਿ ਵੀਚਾਰਿ॥
ਜੋਰੁ ਨ ਜੁਗਤੀ ਛੁਟੈ ਸੰਸਾਰੁ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥
ਨਾਨਕ ਉਤਮੁ ਨੀਚੁ ਨ ਕੋਇ॥
(ਜਪੁ, ਮ:1, ਅੰਗ : 7)
ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਦੀ ਜੁਗਤੀ ਉਹੀ ਹੈ, ਜੋ ਉਸ ਨੂੰ ਭਾਅ ਜਾਵੇ। ਬੰਦੇ ਦੀ ਖੁਦ ਦੀ ਜੁਗਤੀ ਜਾਂ ਜ਼ੋਰ ਨਹੀਂ ਚਲਦਾ। ਨਾ ਜਨਮ 'ਤੇ ਬੰਦੇ ਦਾ ਕੋਈ ਵੱਸ ਹੈ ਅਤੇ ਨਾ ਹੀ ਮਰਨ 'ਤੇ। ਸਾਰੇ ਜ਼ੋਰ, ਸਾਰੀਆਂ ਤਾਕਤਾਂ, ਸਾਰੀਆਂ ਜੁਗਤੀਆਂ ਉਸੇ ਦੇ ਹੱਥ ਵਿਚ ਹਨ। ਜਦੋਂ ਬੰਦਾ ਨਾਮ ਜਪਦਾ ਹੈ ਤਾਂ ਪਰਮਾਤਮਾ ਪ੍ਰਾਪਤੀ ਦੀ ਜੁਗਤੀ ਦੀ ਉਸ ਦਾ ਅੰਤਰ ਮਨ ਥਾਹ ਪਾ ਲੈਂਦਾ ਹੈ। ਨਾਮ ਜਪਦਾ ਹੀ ਉਹ ਹੈ ਜਿਸ ਨੂੰ ਗੁਰਬਾਣੀ ਵਿਚ ਗੁਰੂ ਸਾਹਿਬਾਨ ਦੁਆਰਾ ਦੱਸੀ ਜੁਗਤੀ ਦੀ ਸਮਝ ਆ ਜਾਵੇ। ਉਸ ਵਕਤ ਮਨੁੱਖ ਦੇ ਅੰਦਰੂਨੀ ਅਤੇ ਬਾਹਰੀ ਦੁਸ਼ਮਣ ਮਗਰੋਂ ਲਹਿ ਜਾਂਦੇ ਹਨ। ਵਿਕਾਰਾਂ ਦੀ ਮਨ 'ਤੇ ਚੜ੍ਹੀ ਮੈਲ ਉਤਰ ਜਾਂਦੀ ਹੈ। ਮਨ ਦੀਆਂ ਕਾਹਲੀਆਂ, ਤੜਫਨਾਂ, ਬੇਚੈਨੀਆਂ ਸ਼ਾਂਤ ਹੋ ਜਾਂਦੀਆਂ ਹਨ।
-ਮੋਬਾਈਲ : 98146-81444