24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਿੱਖਾਂ ਵਿਚ ਧਰਮ ਪਰਿਵਰਤਨ ਨੂੰ ਕਿਵੇਂ ਰੋਕਿਆ ਜਾਵੇ?

ਅਜੀਤ ਡੈਸਕ 18-05-2026

ਸਿੱਖਾਂ ਵਿਚ ਵਧ ਰਿਹਾ ਧਰਮ ਪਰਿਵਰਤਨ ਸਮੂਹ ਸੂਝਵਾਨ ਤੇ ਪੰਥ ਦਰਦੀ ਸਿੱਖਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਸ ਸਥਿਤੀ 'ਚੋਂ ਬਾਹਰ ਕਿਵੇਂ ਨਿਕਲਿਆ ਜਾਵੇ? ਗੁਰੂ ਸਾਹਿਬਾਨ ਨੇ ਕਿਸੇ ਵੀ ਸਮੱਸਿਆ 'ਚੋਂ ਬਾਹਰ ਨਿਕਲਣ ਲਈ ਸ਼ਬਦ-ਗੁਰੂ ਦਾ ਮਾਰਗ ਦੱਸਿਆ ਹੈ ਜੋ ਕਿ ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ ਵੱਲ ਲਿਜਾਣ ਦਾ ਕਾਰਜ ਕਰਦਾ ਹੈ। ਸਾਰਿਆਂ ਦੇ ਮਨ ਵਿਚ ਇਹ ਸਵਾਲ ਮੌਜੂਦ ਹੈ ਕਿ ਇਸ ਮਾਰਗ 'ਤੇ ਲਿਜਾਣ ਲਈ ਕੌਣ ਸਹਾਇਤਾ ਕਰ ਸਕਦਾ ਹੈ? ਸੂਝਵਾਨ ਮੰਨਦੇ ਹਨ ਕਿ ਸਮਾਜ ਦਾ ਹਰ ਇਕ ਵਰਗ ਦੂਜਿਆਂ ਨੂੰ ਦੋਸ਼ ਦਿੰਦਾ ਹੈ ਕਿ ਉਹ ਸਿੱਖਾਂ ਵਿਚ ਪੈਦਾ ਹੋਈ ਅਜਿਹੀ ਸਥਿਤੀ ਲਈ ਜ਼ਿੰਮੇਵਾਰ ਹੈ ਤੇ ਆਪ ਸੁਰਖੁਰੂ ਹੋਣ ਦਾ ਯਤਨ ਕਰਦਾ ਹੈ। ਜੇ ਸਮੁੱਚਾ ਸਿੱਖ ਸਮਾਜ ਰਲ-ਮਿਲ ਕੇ ਸਿੱਖਾਂ ਵਿਚ ਵਧ ਰਹੇ ਧਰਮ ਪਰਿਵਰਤਨ ਦੇ ਰੁਝਾਨ ਨੂੰ ਘੱਟ ਕਰਨ ਦਾ ਯਤਨ ਕਰੇ ਤਾਂ ਕੁਝ ਸਾਰਥਕ ਸਿੱਟੇ ਸਾਹਮਣੇ ਆ ਸਕਦੇ ਹਨ। ਇਸ ਸੰਬੰਧੀ ਇਨ੍ਹਾਂ ਕੁਝ ਨੁਕਤਿਆਂ ਨੂੰ ਧਿਆਨ 'ਚ ਰੱਖਿਆ ਜਾ ਸਕਦਾ ਹੈ:-
ਧਰਮ ਪ੍ਰਚਾਰ ਦੀ ਮਜ਼ਬੂਤੀ-ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਜਿਹੜੇ ਯਤਨ ਕੀਤੇ ਜਾ ਰਹੇ ਹਨ, ਉਹ ਪਿਛਲੇ ਸਮੇਂ ਵਿਚ ਮੌਜੂਦ ਨਹੀਂ ਸਨ। ਪਿਛਲੀ ਸਦੀ ਦੇ ਅਖੀਰ ਤੱਕ ਸਿੱਖਾਂ ਦੀ ਇਹ ਵੱਡੀ ਮੰਗ ਰਹੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਲ ਇੰਡੀਆ ਰੇਡੀਓ, ਜਲੰਧਰ ਤੇ ਦਿੱਲੀ ਰਾਹੀਂ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇ। ਮੌਜੂਦਾ ਸਮੇਂ 'ਚ ਅਣਗਿਣਤ ਨਿੱਜੀ ਚੈਨਲ ਗੁਰਬਾਣੀ ਦਾ ਪ੍ਰਸਾਰਨ ਕਰ ਰਹੇ ਹਨ। ਪਰ ਫਿਰ ਵੀ ਸਿੱਖਾਂ ਵਿਚ ਸਦਾਚਾਰਕ ਕਦਰਾਂ-ਕੀਮਤਾਂ ਦਾ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਸਿੱਖ ਧਰਮ ਪਰਿਵਰਤਨ ਵੱਲ ਰੁਚਿਤ ਹੋ ਰਹੇ ਹਨ। ਜਦੋਂ ਤੱਕ ਉਨ੍ਹਾਂ ਦੇ ਮਨ 'ਚ ਸਿੱਖੀ ਜੀਵਨ ਵਿਹਾਰ ਵਾਲੀ ਚਿਣਗ ਪੈਦਾ ਨਹੀਂ ਹੁੰਦੀ, ਉਦੋਂ ਤੱਕ ਸਮੱਸਿਆ ਬਣੀ ਰਹੇਗੀ। ਇਹ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਸਿੰਘ ਸਭਾ ਲਹਿਰ ਨੂੰ ਬੂਰ ਉਸ ਸਮੇਂ ਪਿਆ ਸੀ, ਜਦੋਂ ਸਿੱਖ ਸਮਾਜ ਦਾ ਹਰ ਇਕ ਵਰਗ ਇਸ ਦਿਸ਼ਾ 'ਚ ਚੇਤੰਨ ਹੋਇਆ ਸੀ ਕਿ ਜੇ ਮਿਸ਼ਨ ਸਕੂਲ ਦੇ ਚਾਰ ਸਿੱਖ ਬੱਚੇ ਈਸਾਈ ਧਰਮ 'ਚ ਪ੍ਰਵਰਤਿਤ ਹੋ ਗਏ ਤਾਂ ਇਹ ਬਿਮਾਰੀ ਬਹੁਤ ਛੇਤੀ ਸਮੁੱਚੇ ਸਿੱਖ ਸਮਾਜ ਵਿਚ ਫੈਲ ਜਾਵੇਗੀ। ਇਸ ਬਿਰਤੀ ਨੂੰ ਰੋਕਣ ਲਈ ਕੁਝ ਸੁਹਿਰਦ ਸਿੱਖਾਂ ਨੇ ਯਤਨ ਆਰੰਭ ਕੀਤੇ, ਜਿਨ੍ਹਾਂ ਨੂੰ ਬਹੁਤ ਛੇਤੀ ਬੂਰ ਪੈਣਾ ਸ਼ੁਰੂ ਹੋ ਗਿਆ। ਸਿੱਖ ਸਮਾਜ ਦਾ ਹਰ ਇਕ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪਿਆ ਸੀ। ਨਾ ਕੇਵਲ ਸਿੱਖ ਸੰਸਥਾਵਾਂ ਤੇ ਨਾ ਹੀ ਕੇਵਲ ਮਾਪਿਆਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ, ਬਲਕਿ ਇਹ ਯਤਨ ਕੀਤਾ ਗਿਆ ਕਿ ਸਿੱਖ ਸਮਾਜ ਦਾ ਹਰ ਇਕ ਵਿਅਕਤੀ ਜਿੱਥੇ ਵੀ ਕਾਰਜ ਕਰ ਰਿਹਾ ਹੈ, ਸਿੱਖ ਬੱਚਿਆਂ ਨੂੰ ਗ਼ਲਤ ਦਿਸ਼ਾ ਵੱਲ ਜਾਣ ਤੋਂ ਰੋਕੇ ਅਤੇ ਉਨ੍ਹਾਂ ਨੂੰ ਗੁਰਮਤਿ ਨਾਲ ਜੋੜਨ ਵਿਚ ਆਪਣੀ ਭੂਮਿਕਾ ਨਿਭਾਵੇ। ਸਮੁੱਚੇ ਸਿੱਖ ਸਮਾਜ ਦੇ ਸੁਹਿਰਦ ਯਤਨਾ ਸਦਕਾ ਇਸ ਦਿਸ਼ਾ ਵੱਲ ਕਾਰਜ ਆਰੰਭ ਕੀਤੇ ਗਏ ਸਨ ਤਾਂ ਹੀ ਉਸ ਸਮੇਂ ਸਿੱਖ ਆਦਰਸ਼ਾਂ ਨੂੰ ਕਾਇਮ ਕਰਨ ਵਿਚ ਸਫ਼ਲਤਾ ਮਿਲ ਸਕੀ ਸੀ। ਉਸ ਸਮੇਂ ਅਖ਼ਬਾਰ ਸੋਸ਼ਲ ਮੀਡੀਆ ਦਾ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਸੀ, ਜਿਸ ਨੇ ਸਿੱਖਾਂ ਵਿਚ ਪੁਨਰ-ਜਾਗ੍ਰਿਤੀ ਦੀ ਲਹਿਰ ਆਰੰਭ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਦੇ ਰਵਾਇਤੀ ਤੇ ਆਧੁਨਿਕ ਸਾਧਨਾਂ ਦੀ ਵਰਤੋਂ ਕਰ ਕੇ ਸਿੱਖਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਹਰ ਇਕ ਵਰਗ ਵਲੋਂ ਸੁਹਿਰਦ ਯਤਨ ਕੀਤੇ ਜਾਣ ਅਤੇ ਜੀਵਨ ਵਿਹਾਰ 'ਚੋਂ ਸਿੱਖੀ ਕਿਰਦਾਰ ਨਜ਼ਰ ਆਵੇ ਤਾਂ ਸਾਰਥਕ ਸਿੱਟੇ ਸਾਹਮਣੇ ਆ ਸਕਦੇ ਹਨ।
ਵਖਰੇਵੇਂ ਦੂਰ ਕਰਨੇ-ਸਿੱਖ ਧਰਮ ਵਿਚ ਜਾਤ-ਪਾਤ ਤੋਂ ਦੂਰ ਰਹਿਣ ਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਗ੍ਰਹਿਣ ਕਰਨ ਦਾ ਸੰਦੇਸ਼ ਪ੍ਰਮੁੱਖਤਾ ਨਾਲ ਦਿੱਤਾ ਗਿਆ ਹੈ, ਪਰ ਸੰਦੇਸ਼ ਦਾ ਅਮਲ ਦਿਨੋ-ਦਿਨ ਘਟਦਾ ਨਜ਼ਰ ਆ ਰਿਹਾ ਹੈ। ਸਥਾਨਕ ਪੱਧਰ 'ਤੇ ਜਿਸ ਤਰ੍ਹਾਂ ਸਿੱਖਾਂ ਵਿਚ ਜਾਤ-ਪਾਤ ਦੇ ਵਖਰੇਵੇਂ ਵਧਦੇ ਜਾ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਹਨ। ਇਕ ਵਰਗ ਦੇ ਮਨ ਵਿਚ ਜਦੋਂ ਇਹ ਵਿਚਾਰ ਵਧੇਰੇ ਪ੍ਰਫੁੱਲਤ ਹੋ ਗਿਆ ਕਿ ਦੂਜਾ ਵਰਗ ਉਨ੍ਹਾਂ ਨਾਲ ਵਿਤਕਰਾ ਕਰਦਾ ਹੈ ਤਾਂ ਉਨ੍ਹਾਂ ਦੇ ਮਨ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਹੋਣ ਲੱਗੀ। ਇਸ ਤੋਂ ਇਲਾਵਾ ਵਿਭਿੰਨ ਭੂਗੋਲਿਕ ਖਿੱਤਿਆਂ 'ਚ ਰਹਿਣ ਵਾਲੇ ਸਿੱਖਾਂ ਵਿਚ ਵੀ ਵਖਰੇਵੇਂ ਪੈਦਾ ਹੋ ਗਏ ਹਨ। ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦੇ ਮਨ 'ਚ ਇਹ ਗੱਲ ਪ੍ਰਫੁੱਲਤ ਹੁੰਦੀ ਜਾ ਰਹੀ ਹੈ ਕਿ ਪੰਜਾਬ ਵਿਚ ਰਹਿਣ ਵਾਲੇ ਸਿੱਖ ਉਨ੍ਹਾਂ ਨੂੰ ਬਰਾਬਰ ਨਹੀਂ ਸਮਝਦੇ। ਦੱਖਣੀ ਸਿੱਖ, ਪੂਰਬੀ ਸਿੱਖ, ਅਸਾਮੀ ਸਿੱਖ ਆਦਿ ਵੱਖੋ-ਵੱਖਰੇ ਇਲਾਕਿਆਂ ਦੇ ਰੂਪ ਵਿਚ ਸਿੱਖਾਂ ਦਾ ਵਰਗੀਕਰਨ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਵਿਚ ਮਝੈਲ, ਮਲਵਈ ਤੇ ਦੁਆਬੀਏ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿਤੇ ਨਾ ਕਿਤੇ ਦਵੈਤ ਭਾਵਨਾ ਪ੍ਰਗਟ ਕਰਨ ਦੀ ਸੂਚਕ ਹੈ। ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖ ਇਹ ਸਮਝਣ ਲੱਗੇ ਹਨ ਕਿ ਉਹ ਪੰਜਾਬ ਦੇ ਸਿੱਖਾਂ ਤੋਂ ਚੰਗੇ ਹਨ ਕਿਉਂਕਿ ਉਨ੍ਹਾਂ ਦੇ ਜੀਵਨ ਵਿਹਾਰ 'ਚ ਉਹ ਕਮਜ਼ੋਰੀਆਂ ਪੈਦਾ ਨਹੀਂ ਹੋਈਆਂ, ਜਿਹੜੀਆਂ ਪੰਜਾਬ ਦੇ ਸਿੱਖਾਂ 'ਚ ਦੇਖਣ ਨੂੰ ਮਿਲਦੀਆਂ ਹਨ। ਉਹ ਕਹਿੰਦੇ ਹਨ ਕਿ ਆਰਥਿਕ ਤੌਰ 'ਤੇ ਭਾਵੇਂ ਅਸੀਂ ਗ਼ਰੀਬ ਹਾਂ ਪਰ ਇਖ਼ਲਾਕ ਵਿਚ ਉੱਚੇ ਹਾਂ। ਸਿੱਖਾਂ ਵਿਚ ਭਾਈਚਾਰਕ ਸਾਂਝ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜੇ ਵਖਰੇਵੇਂ ਵਾਲੀ ਕਿਸੇ ਵੀ ਭਾਵਨਾ ਨੂੰ ਦੂਰ ਕਰਨ ਲਈ ਹਰ ਪਾਸੇ ਤੋਂ ਯਤਨ ਕੀਤੇ ਜਾਣ। ਪਾਣੀ ਹਮੇਸ਼ਾਂ ਉੱਪਰ ਤੋਂ ਹੇਠਾਂ ਵੱਲ ਵਗਦਾ ਹੈ, ਇਸ ਲਈ ਯਤਨ ਵੀ ਉਤਲੇ ਪਾਸਿਓਂ ਆਰੰਭ ਹੋਣ ਤਾਂ ਵਧੇਰੇ ਪ੍ਰਭਾਵ ਪਾ ਸਕਦੇ ਹਨ। ਅੰਮ੍ਰਿਤਸਰ ਨੂੰ ਸਮੁੱਚੀ ਸਿੱਖ ਕੌਮ ਆਪਣਾ ਕੇਂਦਰ ਸਮਝਦੀ ਹੈ, ਇਸ ਲਈ ਅੰਮ੍ਰਿਤਸਰ ਤੋਂ ਅਰੁਣਾਚਲ ਪ੍ਰਦੇਸ਼ ਤੇ ਰਾਮੇਸ਼ਵਰਮ ਤੱਕ ਵੱਸ ਰਹੇ ਸਿੱਖਾਂ ਵਿਚ ਬੇਗਾਨਗੀ ਦੀ ਬਜਾਏ ਬਰਾਬਰੀ ਵਾਲੀ ਭਾਵਨਾ ਦਾ ਵਿਕਾਸ ਕਰਨ ਲਈ ਯਤਨ ਕਰਨ ਦੀ ਵਧੇਰੇ ਲੋੜ ਹੈ ਤਾਂ ਕਿ ਸਿੱਖੀ ਭਾਵਨਾ ਮਜ਼ਬੂਤ ਹੋਵੇ ਤੇ ਕਿਸੇ ਹੋਰ ਪਾਸੇ ਤਿਲਕਣ ਦਾ ਖ਼ਤਰਾ ਨਾ ਰਹੇ।

(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿਛਲੀ ਖ਼ਬਰ ਜੋਰੁ ਨ ਜੁਗਤੀ ਛੁਟੈ ਸੰਸਾਰੁ ਅਗਲੀ ਖ਼ਬਰ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਬੰਧਕੀ ਢਾਂਚੇ 'ਚ ਬਦਲਾਅ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।