ਅੱਜ ਦੇ ਯੁੱਗ ਵਿਚ ਬਾਵਜੂਦ ਇਸ ਦੇ ਕਿ ਸਿੱਖਾਂ ਦੀ ਆਬਾਦੀ ਬਹੁਤ ਘੱਟ ਹੈ, ਉਹ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜਾ ਕੇ ਵਸੇ ਹੋਏ ਹਨ, ਜਿੱਥੇ ਉਨ੍ਹਾਂ ਦੇ ਪਰਿਵਾਰ ਵੀ ਹਨ ਤੇ ਉਨ੍ਹਾਂ ਨੇ ਉੱਥੇ ਗੁਰੂ ਘਰ ਵੀ ਸਥਾਪਤ ਕੀਤੇ ਹੋਏ ਹਨ। ਇਹੀ ਕਾਰਨ ਹੈ ਕਿ ਹੁਣ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਖ਼ਾਸ ਕਰਕੇ ਵੱਡੇ-ਵੱਡੇ ਸ਼ਹਿਰਾਂ 'ਚ ਸਾਨੂੰ ਗੁਰਦੁਆਰੇ ਦੇਖਣ ਨੂੰ ਮਿਲਦੇ ਹਨ। ਬਹੁਤ ਸਾਰੇ ਸਿੱਖ ਭਾਰਤ ਦੇ ਦੂਜੇ ਸੂਬਿਆਂ 'ਚ ਵੀ ਰਹਿੰਦੇ ਹਨ। ਇਹ ਸਭ ਦੇਸ਼ ਦੇ ਦੂਜੇ ਹਿੱਸਿਆਂ ਤੇ ਵਿਦੇਸ਼ਾਂ 'ਚ ਕਿਉਂ ਜਾ ਵਸੇ, ਇਹ ਮੇਰਾ ਵਿਸ਼ਾ ਨਹੀਂ ਹੈ, ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਉਹ ਜਿੱਥੇ ਵੀ ਗਏ ਉਨ੍ਹਾਂ ਨੇ ਆਪਣੀ ਮਿਹਨਤ, ਹਿੰਮਤ ਤੇ ਲਗਨ ਨਾਲ ਉੱਥੇ ਆਪਣੀ ਕਮਾਈ ਦੇ ਸਾਧਨ ਲੱਭ ਲਏ ਤੇ ਬਹੁਤ ਸਾਰਿਆਂ ਨੇ ਤਾਂ ਸ਼ੁਹਰਤ ਤੇ ਦੌਲਤ ਵੀ ਬਹੁਤ ਕਮਾਈ ਹੈ। ਇਹ ਦੇਖ ਕੇ ਸਾਨੂੰ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਕਿਸ ਤਰ੍ਹਾਂ ਇਕ ਛੋਟੀ ਜਿਹੀ ਕੌਮ ਨੇ ਆਪਣੇ-ਆਪ ਨੂੰ ਦੇਸ਼-ਵਿਦੇਸ਼ਾਂ 'ਚ ਮਜ਼ਬੂਤ ਕਰ ਲਿਆ। ਪਰ ਦੁੱਖ ਦੀ ਗੱਲ ਇਹ ਹੈ ਕਿ ਕੌਮ ਵਿਚ ਆਪਸੀ ਏਕਤਾ, ਸਦਭਾਵਨਾ ਤੇ ਮਿਲਵਰਤਣ ਦੀ ਘਾਟ ਲਗਾਤਾਰ ਬਣੀ ਰਹੀ ਹੈ। ਜਿਹੜੇ ਗੁਰਦੁਆਰੇ ਕੁਝ ਖ਼ਾਸ ਵਿਅਕਤੀਆਂ ਨੇ, ਪਰਿਵਾਰਾਂ ਨੇ ਜਾਂ ਸੰਸਥਾਵਾਂ ਨੇ ਬਣਾਏ, ਉਨ੍ਹਾਂ ਦੇ ਪ੍ਰਬੰਧਾਂ 'ਚ ਤਾਂ ਇੰਨੀ ਸਮਸਿੱਆ ਨਹੀਂ ਆਉਂਦੀ, ਪਰ ਮਾਲਕਾਂ ਦੇ ਨਿੱਜੀ ਸੁਆਰਥ ਕਰਕੇ ਧਰਮ ਪ੍ਰਚਾਰ ਵਿਚ ਉਹ ਹੁੰਗਾਰਾ ਨਹੀਂ ਮਿਲਦਾ, ਜੋ ਮਿਲਣਾ ਚਾਹੀਦਾ ਹੈ। ਜਿਹੜੇ ਗੁਰਦੁਆਰਿਆਂ 'ਚ ਚੁਣੀਆਂ ਹੋਈਆਂ ਜਾਂ ਬਿਨਾਂ ਚੁਣੇ ਮੈਂਬਰਾਂ ਦੀਆਂ ਕਮੇਟੀਆਂ ਹਨ, ਉਨ੍ਹਾਂ ਵਿਚ ਬਹੁਤ ਸਾਰੇ ਝਗੜੇ ਦੇਖਣ ਨੂੰ ਮਿਲਦੇ ਹਨ। ਭ੍ਰਿਸ਼ਟਾਚਾਰ ਦੀਆਂ ਮਿਸਾਲਾਂ ਦੀ ਵੀ ਘਾਟ ਨਹੀਂ। ਜਿਸ ਤਰ੍ਹਾਂ ਪ੍ਰਬੰਧਕੀ ਕਮੇਟੀਆਂ ਦੀ ਚੋਣ ਕਰਵਾਈ ਜਾਂਦੀ ਹੈ, ਉਹ ਆਪਣੇ ਆਪ 'ਚ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਸਬੂਤ ਹਨ। ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਗੁਰਦੁਆਰੇ ਦੀ ਚੋਣ ਲਈ ਵੀ ਸ਼ਰਾਬ ਤੇ ਧਨ ਦੀ ਵਰਤੋਂ ਅਤੇ ਭਾਈ-ਭਤੀਜਾਵਾਦ ਆਮ ਦੇਖਣ ਨੂੰ ਮਿਲਦੇ ਹਨ।
ਇਤਿਹਾਸਕ ਗੁਰਦੁਆਰਿਆਂ ਵਿਚ ਵੀ ਚੋਣਾਂ ਦਾ ਢੰਗ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ। ਲੋਕ ਇਹ ਚੋਣਾਂ ਇਸ ਤਰ੍ਹਾਂ ਲੜਦੇ ਨਜ਼ਰ ਆਉਂਦੇ ਹਨ, ਜਿਵੇਂ ਸੇਵਾ ਕਰਨ ਲਈ ਨਹੀਂ, ਸਗੋਂ ਕੁਰਸੀਆਂ ਤੇ ਗੋਲਕਾਂ ਦੀ ਲੜਾਈ ਲੜ ਰਹੇ ਹੋਣ। ਉਨ੍ਹਾਂ ਦਾ ਜੀਵਨ ਗੁਰਮਤਿ ਸਿਧਾਂਤਾਂ ਅਨੁਸਾਰ ਨਹੀਂ ਹੁੰਦਾ। ਇਕ ਵਿਦਵਾਨ ਨੇ ਠੀਕ ਹੀ ਕਿਹਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦੇ। ਸਾਡਾ ਗੁਰੂ ਤਾਂ ਸਾਨੂੰ ਪਿਆਰ, ਮਿਲਵਰਤਣ ਤੇ ਸਾਰੀ ਦੁਨੀਆ ਨਾਲ ਭਾਈਚਾਰਾ ਰੱਖਣ ਦਾ ਸੰਦੇਸ਼ ਦਿੰਦਾ ਹੈ। ਪਰ ਅਸੀਂ ਤਾਂ ਇਨ੍ਹਾਂ ਸਿੱਖਿਆਵਾਂ ਦਾ ਅਮਲ ਆਪਣੇ ਹੀ ਸਿੱਖ ਭਰਾਵਾਂ ਨਾਲ ਵਰਤਣ 'ਚ ਵੀ ਨਹੀਂ ਕਰਦੇ। ਅੱਜ ਦੇ ਪ੍ਰਬੰਧਕੀ ਢਾਂਚੇ ਵਿਚ ਜੇ ਕਿਸੇ ਸਿੱਖ ਨੇ ਧਰਮ ਬਾਰੇ ਜਾਂ ਆਪਣੇ ਜੀਵਨ ਵਿਚ ਆਈ ਸਮੱਸਿਆ ਬਾਰੇ ਧਰਮ ਪੱਖੋਂ ਹੱਲ ਕਰਨ ਲਈ ਸਲਾਹ ਲੈਣੀ ਹੋਵੇ ਤਾਂ ਉਹ ਕਿਸ ਕੋਲ ਪਹੁੰਚ ਕਰ ਸਕਦਾ ਹੈ? ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਰਹਿੰਦੇ ਹੋਏ ਸਿੱਖ ਪੰਥਕ ਨੀਤੀਆਂ ਬਣਾਉਣ 'ਚ ਜਾਂ ਫ਼ੈਸਲੇ ਕਰਨ ਵਿਚ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹਨ? ਧਰਮ ਪ੍ਰਚਾਰ ਦੀ ਸਥਿਤੀ ਇਹ ਹੈ ਕਿ ਬਹੁਤ ਸਾਰੇ ਜਵਾਨ ਬੱਚਿਆਂ ਨੇ ਕੇਸਾਂ ਦੀ ਬੇਅਦਬੀ ਕਰ ਲਈ ਹੈ ਤੇ ਨਸ਼ਿਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ। ਸਾਡੇ ਆਗੂਆਂ ਦੁਆਰਾ ਅਜਿਹੇ ਮਹੱਤਵਪੂਰਨ ਵਿਸ਼ਿਆਂ 'ਤੇ ਕੋਈ ਵਿਚਾਰ ਨਹੀਂ ਕੀਤਾ ਜਾਂਦਾ।
ਸਿੱਖਾਂ ਵਿਚ ਹੀ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਵੀ ਨਹੀਂ ਆਉਂਦੀ ਤੇ ਨਾ ਹੀ ਬਾਣੀ ਤੇ ਇਤਿਹਾਸ ਬਾਰੇ ਬਹੁਤਾ ਪਤਾ ਹੈ। ਇਸ ਦਾ ਮੁੱਖ ਕਾਰਨ ਹੈ ਕਿ ਸਾਡੇ ਪ੍ਰਬੰਧਕੀ ਢਾਂਚੇ ਵਿਚ ਅਜਿਹੀ ਜਾਣਕਾਰੀ ਦੇਣ ਦਾ ਕੋਈ ਵਸੀਲਾ ਹੀ ਨਹੀਂ। ਹਰ ਕਮੇਟੀ ਜਾਂ ਸੰਸਥਾ ਵੱਡੇ-ਵੱਡੇ ਫਿਕਸ ਡਿਪੋਜ਼ਿਟ ਰੱਖਣ ਦਾ ਦਾਅਵਾ ਤਾਂ ਕਰਦੀ ਹੈ, ਪਰ ਉਸ ਪੈਸੇ ਨੂੰ ਕੌਮ ਦੇ ਭਲੇ ਲਈ ਵਰਤਣ ਬਾਰੇ ਕਦੇ ਨਹੀਂ ਸੋਚਿਆ ਜਾਂਦਾ। ਇਕ ਵਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਸੀ ਕਿ ਹਰ ਗੁਰਦੁਆਰਾ ਆਪਣੀ ਗੋਲਕ ਦਾ 10 ਫ਼ੀਸਦੀ ਵਿੱਦਿਆ ਲਈ ਰੱਖੇ, ਭਾਵ ਕਿ ਸਿੱਖ ਕੌਮ ਦਾ ਕੋਈ ਵੀ ਬੱਚਾ ਵਿੱਦਿਆਂ ਤੋਂ ਵਾਂਝਾ ਨਾ ਰਹੇ। ਪਰ ਬਹੁਤ ਘੱਟ ਗੁਰਦੁਆਰੇ ਹਨ, ਜਿਨ੍ਹਾਂ ਵਿਚ ਇਸ ਆਦੇਸ਼ ਦੀ ਪਾਲਣਾ ਹੋ ਰਹੀ ਹੈ। 'ਯੁੱਧ ਨਸ਼ਿਆਂ ਵਿਰੁੱਧ' ਸਿਰਫ਼ ਸਰਕਾਰ ਦਾ ਹੀ ਕੰਮ ਨਹੀਂ, ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਕਮੇਟੀਆਂ ਇਸ ਪੱਖੋਂ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ। ਅਜਿਹੇ ਕਈ ਹੋਰ ਵੀ ਪੱਖ ਹਨ, ਜਿਨ੍ਹਾਂ ਵੱਲ ਅੱਜ ਦੇ ਪ੍ਰਬੰਧਕੀ ਢਾਂਚੇ ਨੂੰ ਧਿਆਨ ਦੇਣ ਦੀ ਲੋੜ ਹੈ ਜਿਵੇਂ ਕਿ ਇਤਿਹਾਸਕ ਗੁਰਦੁਆਰਿਆਂ 'ਚ ਸ਼ਰਧਾਲੂਆਂ ਲਈ ਸਹੂਲਤਾਂ ਵਧਾਉਣਾ ਤੇ ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨਾ।
ਜੇ ਗੱਲ ਇਤਿਹਾਸਕ ਗੁਰਦੁਆਰਿਆਂ ਦੀ ਕਰੀਏ ਤਾਂ ਸਾਡੇ ਦੇਸ਼ 'ਚ ਹੀ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਅਜਿਹੇ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਸਿੱਖਾਂ ਨੂੰ ਜਾਣਕਾਰੀ ਹੋਵੇਗੀ। ਉਨ੍ਹਾਂ 'ਚੋਂ ਬਹੁਤ ਸਾਰੇ ਗੁਰਦੁਆਰੇ ਐਸੇ ਵੀ ਹਨ, ਜਿੱਥੇ ਨੇੜੇ-ਤੇੜੇ ਜਾਂ ਦੂਰ-ਦੂਰ ਤੱਕ ਵੀ ਸਿੱਖਾਂ ਦੀ ਆਬਾਦੀ ਨਹੀਂ ਜਾਂ ਬਹੁਤ ਹੀ ਘੱਟ ਸਿੱਖਾਂ ਦੇ ਘਰ ਹਨ। ਉਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਹਨ। ਨਾ ਉੱਥੇ ਸੰਗਤ ਹੈ, ਨਾ ਵਸੀਲੇ ਤੇ ਨਾ ਹੀ ਲੋਕਾਂ ਵਿਚ ਇੰਨੀ ਜਾਣਕਾਰੀ ਕਿ ਲੋਕ ਉੱਥੇ ਦਰਸ਼ਨਾਂ ਲਈ ਆ ਸਕਣ। ਕੁਝ ਗੁਰਦੁਆਰੇ ਐਸੇ ਵੀ ਹਨ, ਜਿਨ੍ਹਾਂ 'ਚ ਸਾਡੇ ਕਮਜ਼ੋਰ ਵਸੀਲਿਆਂ ਕਰਕੇ ਦੂਜੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ। ਸਾਡੀ ਅਰਿਹਾ ਕੋਈ ਸੰਸਥਾ ਨਹੀਂ, ਜੋ ਉਨ੍ਹਾਂ ਵੱਲ ਧਿਆਨ ਦੇ ਸਕੇ ਤੇ ਨਾ ਹੀ ਸਾਡਾ ਕੋਈ ਕੇਂਦਰੀ ਪ੍ਰਬੰਧਕੀ ਢਾਂਚਾ ਹੈ, ਜਿਸ ਨਾਲ ਉੱਥੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤਾ ਜਾ ਸਕੇ। ਇਸ ਸੰਬੰਧ ਵਿਚ ਮੈਨੂੰ ਯਾਦ ਆ ਰਹੇ ਹਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪਉੜੀ (ਹਰਿਦੁਆਰ), ਮੱਠ ਅਸਥਾਨ ਗੁਰੂ ਨਾਨਕ ਦੇਵ ਜੀ (ਜਗਨਨਾਥ ਪੁਰੀ) ਤੇ ਗੁਰਦੁਆਰਾ ਡਾਂਗ ਮਾਰ ਸਾਹਿਬ (ਸਿੱਕਮ), ਜੋ ਸਾਡੇ ਪ੍ਰਬੰਧਾਂ ਹੇਠ ਨਹੀਂ ਰਹੇ। ਅਜਿਹੇ ਹੋਰ ਵੀ ਬਹੁਤ ਧਾਰਮਿਕ ਅਸਥਾਨ ਹਨ, ਜਿਨ੍ਹਾਂ 'ਤੇ ਕਬਜ਼ੇ ਕਰਨ ਲਈ ਲੋਕ ਕਾਨੂੰਨੀ ਸਹਾਰਾ ਲੈ ਰਹੇ ਹਨ।
ਕੁਝ ਸਾਲ ਪਹਿਲਾਂ ਇਹ ਵਿਚਾਰ ਉੱਠਿਆ ਸੀ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਇਕ 'ਆਲ ਇੰਡੀਆ ਐਕਟ' ਬਣਾਇਆ ਜਾਵੇ। ਕਈ ਵਿਦਵਾਨਾਂ ਨੇ ਬੜੇ ਵਡਮੁੱਲੇ ਵਿਚਾਰ ਵੀ ਦਿੱਤੇ ਸਨ। ਅਸੀਂ ਕੇਸ ਸੰਭਾਲ ਪ੍ਰਚਾਰ ਸੰਸਥਾ ਵਿਚ ਵੀ ਇਸ ਬਾਰੇ ਵਿਚਾਰ ਕਰਕੇ ਇਕ ਐਸਾ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਸੀ, ਜੋ ਸਿਰਫ਼ ਭਾਰਤ 'ਚ ਹੀ ਨਹੀਂ, ਸਗੋਂ ਦੁਨੀਆ ਭਰ ਦੇ ਗੁਰਦੁਆਰਿਆਂ ਨੂੰ ਇਕ ਕੇਂਦਰੀ ਪ੍ਰਬੰਧਕੀ ਢਾਂਚੇ ਦਾ ਹਿੱਸਾ ਬਣਾ ਸਕੇ। ਇਸ ਢਾਂਚੇ ਦੀ ਰੂਪ-ਰੇਖਾ ਵਿਚ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ 'ਚ ਸ਼ੋਮਣੀ ਕਮੇਟੀ ਨੂੰ ਸ਼ੋਮਣੀ ਬਣਾਉਂਦੇ ਹੋਏ ਦੇਸ਼ ਦੇ ਹੋਰ ਹਿੱਸਿਆਂ 'ਚ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਕਮੇਟੀਆਂ ਬਣਾ ਕੇ ਫੈਡਰਲ ਢਾਂਚੇ ਦਾ ਸੁਝਾਅ ਦਿੱਤਾ ਗਿਆ ਸੀ। ਉਨ੍ਹਾਂ ਕਮੇਟੀਆਂ ਨੂੰ ਕਿਵੇਂ ਬਣਾਇਆ ਜਾਵੇ, ਉਨ੍ਹਾਂ ਦਾ ਐਸ.ਜੀ.ਪੀ.ਸੀ. ਨਾਲ ਕਿਸ ਤਰ੍ਹਾਂ ਤਾਲਮੇਲ ਰੱਖਿਆ ਜਾਵੇ ਤੇ ਉਹ ਕਿਸ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਦੀ ਚੋਣ 'ਚ ਹਿੱਸਾ ਲੈ ਸਕਣ, ਇਸ ਦਾ ਪੂਰਾ ਵਿਸਥਾਰ ਦਿੱਤਾ ਸੀ। ਪਿੱਛੇ ਜਿਹੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਸਾਹਿਬ ਨੇ ਜਥੇਦਾਬ ਅਕਾਲ ਤਖ਼ਤ ਸਾਹਿਬ ਦੀ ਨਿਯੁਕਤੀ ਅਤੇ ਕੰਮ ਕਰਨ ਦੇ ਢੰਗ ਬਾਰੇ ਵਿਚਾਰ ਮੰਗੇ ਸਨ, ਇਸ ਪੱਖੋਂ ਵੀ ਸਾਡੇ ਪ੍ਰਬੰਧਕੀ ਢਾਂਚੇ ਵਿਚ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖ ਪ੍ਰਚਾਰਕ ਸੇਵਾ ਦਾ ਜ਼ਿਕਰ ਵੀ ਕੀਤਾ ਸੀ, ਜਿਸ ਵਿਚ ਪ੍ਰਚਾਰਕਾਂ ਨੂੰ ਉੱਚ ਦਰਜੇ ਦੀ ਸ਼੍ਰੇਣੀ ਦੀ ਸੇਵਾ ਵਾਂਗ ਅਧਿਕਾਰ ਦਿੱਤੇ ਗਏ ਸਨ। ਇਸ ਪ੍ਰਬੰਧਕੀ ਢਾਂਚੇ ਦੀ ਕਾਪੀ ਕਈ ਵਿਦਵਾਨਾਂ ਨੂੰ ਭੇਜੀ ਗਈ, ਸ਼੍ਰੋਮਣੀ ਕਮੇਟੀ ਅਤੇ ਦੇਸ਼ ਵਿਚ ਕੰਮ ਕਰ ਰਹੀਆਂ ਹੋਰ ਪ੍ਰਬੰਧਕੀ ਸੰਸਥਾਵਾਂ ਨੂੰ ਵੀ ਭੇਜੀ ਗਈ ਤੇ ਸਮੇਂ-ਸਮੇਂ 'ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਇਕ ਕਾਪੀ ਦਿੱਤੀ ਗਈ।
ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤਾਂ ਦੇ ਜਥੇਦਾਰ ਪੰਥ ਦੀ ਰਹਿਨੁਮਾਈ ਕਰਨ ਲਈ ਸਭ ਤੋਂ ਪ੍ਰਮੁੱਖ ਹਨ। ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ 'ਮਿੰਨੀ ਪਾਰਲੀਮੈਂਟ' ਵਰਗੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੀਆਂ ਕਮੇਟੀਆਂ, ਟਕਸਾਲਾਂ ਤੇ ਆਮ ਸਿੱਖਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ। ਫਿਰ ਅਸੀਂ ਉਨ੍ਹਾਂ ਗੁਰਦੁਆਰਿਆਂ ਲਈ ਆਪਣਾ ਪੱਖ ਮਜ਼ਬੂਤੀ ਨਾਲ ਕਿਉਂ ਨਹੀਂ ਪੇਸ਼ ਕਰ ਸਕੇ, ਜੋ ਸਾਡੇ ਹੱਥੋਂ ਨਿਕਲ ਚੁੱਕੇ ਹਨ ਜਾਂ ਜਿਨ੍ਹਾਂ ਬਾਰੇ ਅਜੇ ਵੀ ਅਦਾਲਤਾਂ 'ਚ ਕੇਸ ਚੱਲ ਰਹੇ ਹਨ। ਕੀ ਸਾਡੇ ਵਿਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਕੁਝ ਪਰਿਵਾਰਾਂ ਨੂੰ ਉਨ੍ਹਾਂ ਸ਼ਹਿਰਾਂ ਵਿਚ ਵਸਾ ਸਕੀਏ, ਜਿੱਥੇ ਸਾਡੇ ਇਤਿਹਾਸਕ ਗੁਰਦੁਆਰੇ ਸਥਿਤ ਹਨ? ਕੀ ਅਸੀਂ ਉੱਥੇ ਯੋਗ ਸਿੱਖ ਭੇਜ ਕੇ ਆਪਣੇ ਪ੍ਰਬੰਧ ਤੇ ਮਰਿਆਦਾ ਨੂੰ ਮਜ਼ਬੂਤ ਨਹੀਂ ਕਰ ਸਕਦੇ?
ਪਿੱਛੇ ਜਿਹੇ ਜਦ ਮੈਨੂੰ ਅਯੁੱਧਿਆ ਜਾਣ ਦਾ ਮੌਕਾ ਮਿਲਿਆ ਤਾਂ ਮੈਨੂੰ ਪਤਾ ਲੱਗਾ ਕਿ ਉੱਥੇ ਕਈ ਇਤਿਹਾਸਕ ਸਿੱਖ ਅਸਥਾਨ ਹਨ, ਜੋ ਮੁੱਖ ਤੌਰ 'ਤੇ ਸਰਯੂ ਨਦੀ ਦੇ ਕੰਢੇ ਬ੍ਰਹਮ ਕੁੰਡ ਦੇ ਨੇੜੇ ਇਕ ਸਮੂਹ 'ਚ ਸਥਿਤ ਹਨ। ਇਹ ਗੁਰਦੁਆਰੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਤਰਾਵਾਂ ਨਾਲ ਸੰਬੰਧਿਤ ਹਨ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਲੱਕੜ ਦੀਆਂ ਖੜਾਵਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਸ਼ਸਤਰ ਵੀ ਇੱਥੇ ਸੰਭਾਲੇ ਹੋਏ ਮਿਲਦੇ ਹਨ। ਪਰ ਜਿਸ ਤਰ੍ਹਾਂ ਕਿ ਮੈਨੂੰ ਉੱਥੋਂ ਦੇ ਮੁੱਖ ਪ੍ਰੰਬਧਕ ਗਿਆਨੀ ਗੁਰਜੀਤ ਸਿੰਘ ਨੇ ਦੱਸਿਆ ਕਿ ਅਯੁੱਧਿਆ 'ਚ ਸਿਰਫ਼ 10-15 ਹੀ ਸਿੱਖਾਂ ਦੇ ਘਰ ਹਨ। ਫ਼ੈਜ਼ਾਬਾਦ ਤੋਂ ਸੈਨਾ ਦੇ ਕੁਝ ਜਵਾਨ ਦਰਸ਼ਨਾਂ ਲਈ ਆ ਜਾਂਦੇ ਹਨ। ਪਰ ਵਸੀਲਿਆਂ ਦੀ ਘਾਟ ਕਰਕੇ ਗੁਰਦੁਆਰਾ ਸਾਹਿਬ ਦੇ ਕਈ ਕੰਮ ਰੁਕੇ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 2-4 ਪੁਸ਼ਤਾਂ ਤੋਂ ਉਨ੍ਹਾਂ ਦਾ ਪਰਿਵਾਰ ਹੀ ਉੱਥੇ ਸੇਵਾ ਨਿਭਾਅ ਰਿਹਾ ਹੈ। ਉਨ੍ਹਾਂ ਨੇ ਐਸ.ਜੀ.ਪੀ.ਸੀ. ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਕੁਝ ਸਿੱਖ ਪਰਿਵਾਰਾਂ ਨੂੰ ਇੱਥੇ ਵਸਾਇਆ ਜਾਵੇ, ਗੁਰੂ ਘਰ ਦੀ ਸੇਵਾ ਲਈ ਕੁਝ ਗ੍ਰੰਥੀਆਂ ਦੀ ਤੇ ਉਸਾਰੀ ਕਾਰਜਾਂ ਲਈ ਧਨ ਦੀ ਲੋੜ ਹੈ। ਪਰ ਪ੍ਰਧਾਨ ਸਾਹਿਬ ਦਾ ਉੱਤਰ ਆਇਆ ਕਿ ਉਹ ਧਨ ਦੀ ਘਾਟ ਕਰਕੇ ਕੋਈ ਮਦਦ ਨਹੀਂ ਕਰ ਸਕਦੇ। ਜਦ ਮੈਂ ਗਿਆਨੀ ਜੀ ਨੂੰ ਕਿਹਾ ਕਿ ਪ੍ਰਧਾਨ ਸਾਹਿਬ ਇਸ ਤਰ੍ਹਾਂ ਨਹੀਂ ਕਹਿ ਸਕਦੇ, ਕਿਉਂਕਿ ਉੱਥੇ ਇਸ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ, ਤਾਂ ਉਨ੍ਹਾਂ ਨੇ ਮੈਨੂੰ ਪ੍ਰਧਾਨ ਸਾਹਿਬ ਦਾ ਆਇਆ ਉੱਤਰ ਦਿਖਾ ਦਿੱਤਾ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਮੋਬਾਈਲ : 73036-85643