ਜ਼ੀਰਕਪੁਰ, 24 ਅਕਤੂਬਰ- ਜ਼ੀਰਕਪੁਰ ਵਿਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਅਤੇ ਪੁਲਿਸ ਦੀਆਂ ਟੀਮਾਂ ਨੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਮੈਡੀਕਲ ਸਟੋਰਾਂ 'ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਦਵਾਈਆਂ ਦੇ ਸਟਾਕ, ਲਾਇਸੈਂਸ ਅਤੇ ਵਿਕਰੀ ਸਬੰਧੀ ਰਿਕਾਰਡ ਦੀ ਜਾਂਚ ਕੀਤੀ ਗਈ। ਨਿਯਮਾਂ ਦੀ ਉਲੰਘਣਾ ਮਿਲਣ 'ਤੇ ਇਕ ਮੈਡੀਕਲ ਸਟੋਰ ਬੰਦ ਕਰਵਾ ਦਿੱਤਾ ਗਿਆ।
ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਰੋਕਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਦਵਾਈਆਂ ਦੀ ਖਰੀਦ-ਵੇਚ ਦਾ ਪੂਰਾ ਰਿਕਾਰਡ ਰੱਖਣ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਜਾਂਚ ਮੁਹਿੰਮ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।