24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੱਲ੍ਹ ਜਨਮ ਦਿਵਸ 'ਤੇ ਵਿਸ਼ੇਸ਼-ਸਰਦਾਰ ਜੱਸਾ ਸਿੰਘ ਆਹਲੂਵਾਲੀਆ

ਅਜੀਤ ਡੈਸਕ 18-05-2026

ਸਿੱਖ ਕੌਮ ਦੇ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਸੁਲਤਾਨ-ਉਲ-ਕੌਮ ਦਲ ਖ਼ਾਲਸਾ ਦੇ ਮੁਖੀ, ਬਾਬਾ ਬੁੱਢਾ ਦਲ ਦੇ ਮੁਖੀ, ਸਿੱਖ ਫ਼ੌਜ ਦੇ ਕਮਾਂਡਰ ਸੈਨਾਪਤੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਗੁਰੂ ਦੇ ਲਾਲ ਹੋਣ ਦਾ ਮਾਣ ਪ੍ਰਾਪਤ ਹੈ। ਜੱਸਾ ਸਿੰਘ ਦੇ ਦਾਦਾ ਦੇਵਾ ਸਿੰਘ ਆਹਲੂਵਾਲੀਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਨਿਭਾਉਂਦੇ ਸਨ। ਸ. ਜੱਸਾ ਸਿੰਘ ਦਾ ਜਨਮ ਪਿਤਾ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਘਰ 3 ਮਈ 1718 ਨੂੰ ਪਿੰਡ ਆਹਲੂ (ਲਾਹੌਰ) ਵਿਖੇ ਹੋਇਆ। ਜਦੋਂ ਜੱਸਾ ਸਿੰਘ ਦੀ ਉਮਰ ਪੰਜ ਸਾਲ ਦੀ ਸੀ ਤਾਂ 1723 'ਚ ਪਿਤਾ ਦਾ ਦਿਹਾਂਤ ਹੋ ਗਿਆ। ਉਸ ਸਮੇਂ ਮਾਤਾ ਸੁੰਦਰੀ ਜੀ ਦਿੱਲੀ ਵਿਖੇ ਰਹਿ ਰਹੇ ਸਨ। 1723 'ਚ ਬੀਬੀ ਜੀਵਨ ਕੌਰ ਜੱਸਾ ਸਿੰਘ ਨੂੰ ਲੈ ਕੇ ਮਾਤਾ ਜੀ ਦੇ ਦਰਸ਼ਨਾਂ ਨੂੰ ਚੱਲ ਪਏ। ਬੀਬੀ ਜੀਵਨ ਕੌਰ ਨੇ ਮਾਤਾ ਸੁੰਦਰੀ ਜੀ ਦੀ ਬਹੁਤ ਸੇਵਾ ਕੀਤੀ। ਮਾਤਾ ਜੀ ਨੇ ਬਾਲ ਜੱਸਾ ਸਿੰਘ ਨੂੰ ਆਪਣੇ ਕੋਲ ਰੱਖ ਲਿਆ। ਜੱਸਾ ਸਿੰਘ ਦੇ ਮਾਮਾ ਭਾਈ ਬਾਘ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ, ਉਹ ਜੱਸਾ ਸਿੰਘ ਨੂੰ ਬਹੁਤ ਪਿਆਰ ਕਰਦਾ ਸੀ। ਬਾਘ ਸਿੰਘ ਮਾਤਾ ਸੁੰਦਰੀ ਜੀ ਨੂੰ ਜ਼ੋਰ ਪਾ ਕੇ ਪੰਜ ਸਾਲ ਬਾਅਦ ਜੱਸਾ ਸਿੰਘ ਨੂੰ ਵਾਪਸ ਆਪਣੇ ਕੋਲ ਜਲੰਧਰ ਲੈ ਆਏ। ਜਦੋਂ ਜੱਸਾ ਸਿੰਘ ਦਿੱਲੀ ਤੋਂ ਵਾਪਸ ਮੁੜਨ ਲੱਗੇ ਤਾਂ ਮਾਤਾ ਸੁੰਦਰੀ ਨੇ ਉਨ੍ਹਾਂ ਨੂੰ ਇਕ ਬਹੁਮੁੱਲੀ ਪੁਸ਼ਾਕ ਪਹਿਨਾਈ ਤੇ ਕਿਹਾ ਇਹ ਪੰਥ ਖ਼ਾਲਸੇ ਦਾ ਮਾਣ-ਤਾਣ ਹੋਵੇਗਾ, ਇਕ ਚਾਂਦੀ ਦਾ ਆਸਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਦਾ ਗੁਰਜ ਬਖਸ਼ਿਆ। ਮਾਤਾ ਸੁੰਦਰੀ ਜੀ ਨੇ ਇਕ ਹੁਕਮਨਾਮਾ ਨਵਾਬ ਕਪੂਰ ਸਿੰਘ ਦੇ ਨਾਂਅ ਲਿਖ ਕੇ ਇਨ੍ਹਾਂ ਦੇ ਹੱਥ ਦੇ ਦਿੱਤਾ। ਉਸ ਸਮੇਂ ਨਵਾਬ ਕਪੂਰ ਸਿੰਘ ਜਲੰਧਰ ਨੇੜੇ ਕਰਤਾਰਪੁਰ ਦੇ ਜੰਗਲਾਂ 'ਚ ਛਾਉਣੀ ਬਣਾ ਕੇ ਰਹਿ ਰਹੇ ਸਨ। ਮਾਤਾ ਸੁੰਦਰੀ ਦਾ ਬਖਸ਼ਿਆ ਹੋਇਆ ਤੀਰ ਤੇ ਹੁਕਮਨਾਮਾ ਇਸ ਪਰਿਵਾਰ ਨੇ ਨਵਾਬ ਕਪੂਰ ਸਿੰਘ ਨੂੰ ਭੇਟ ਕਰ ਦਿੱਤਾ। ਹੁਕਮਨਾਮੇ 'ਚ ਲਿਖਿਆ ਸੀ ਕਿ ਇਹ ਬੱਚਾ ਗੁਰੂ ਘਰ ਦਾ ਨਿਵਾਜਿਆ ਹੋਇਆ ਹੈ। ਇਸ ਨੂੰ ਆਪਣੇ ਹੱਥੀ ਅੰਮ੍ਰਿਤਪਾਨ ਕਰਾਉਣਾ, ਗੁਰਬਾਣੀ ਨਾਲ ਜੋੜਨਾ ਤੇ ਸ਼ਸਤਰ ਵਿੱਦਿਆ 'ਚ ਨਿਪੁੰਨ ਕਰਨਾ।' ਜੱਸਾ ਸਿੰਘ ਆਹਲੂਵਾਲੀਏ ਨੂੰ ਨਵਾਬ ਕਪੂਰ ਸਿੰਘ ਨੇ ਆਪਣੇ ਹੱਥੀਂ ਅੰਮ੍ਰਿਤ ਛਕਾਇਆ। ਜੱਸਾ ਸਿੰਘ ਨੇ ਸੰਗਤਾਂ ਨੂੰ ਪੱਖਾ ਝੱਲਣ ਤੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਲੈ ਲਈ। ਜੱਸਾ ਸਿੰਘ ਨੇ ਜਥੇ ਦੀਆਂ ਹੋਰ ਜ਼ਿੰਮੇਵਾਰੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਸਨ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਜਥੇ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸੰਭਾਲ ਦਿੱਤੀਆਂ ਸਨ।
ਨਵਾਬ ਕਪੂਰ ਸਿੰਘ ਨੇ ਆਪਣਾ ਆਖ਼ਰੀ ਸਮਾਂ ਦੇਖ ਜੱਸਾ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਦਸਮ ਪਿਤਾ ਦੀ ਫੁਲਾਦੀ ਚੋਭ ਦੇ ਕੇ ਤੇ ਸਿੱਖ ਕੌਮ ਦੀ ਸੇਵਾ ਦਾ ਬਚਨ ਲੈ ਕੇ ਦੂਜੇ ਦਿਨ 7 ਅਪ੍ਰੈਲ 1753 ਨੂੰ ਪ੍ਰਲੋਕ ਸੁਧਾਰ ਗਏ। 5 ਫਰਵਰੀ 1762 ਨੂੰ ਵਾਪਰੇ ਵੱਡੇ ਘੱਲੂਘਾਰੇ 'ਚ ਅਬਦਾਲੀ ਨੇ ਬੱਚੇ ਤੇ ਔਰਤਾਂ ਸਮੇਤ 30 ਹਜ਼ਾਰ ਸਿੰਘ ਸ਼ਹੀਦ ਕਰ ਦਿੱਤੇ ਸਨ। ਇਸ ਘੱਲੂਘਾਰੇ 'ਚ ਜੱਸਾ ਸਿੰਘ ਨੇ ਮੂਹਰੇ ਹੋ ਕੇ ਸਿੱਖ ਕੌਮ ਦੀ ਅਗਵਾਈ ਕੀਤੀ। ਉਸ ਸਮੇਂ ਉਨ੍ਹਾਂ ਦੇ ਸਰੀਰ 'ਤੇ 22 ਫੱਟ ਲੱਗੇ ਸਨ ਤੇ ਚੜ੍ਹਤ ਸਿੰਘ ਦੇ ਸਰੀਰ 'ਤੇ 16 ਫੱਟ ਸਨ। 14 ਜਨਵਰੀ 1764 ਨੂੰ ਜੱਸਾ ਸਿੰਘ ਅਹਲੁਵਾਲੀਏ ਨੇ ਵੱਡੇ ਘਲੂਘਾਰੇ ਦੇ ਜ਼ਿੰਮੇਵਾਰ ਸਰਹਿੰਦ ਦੇ ਵਜ਼ੀਰ ਜੈਨ ਖ਼ਾਂ ਨੂੰ ਮਾਰ ਕੇ ਸਰਹਿੰਦ ਫ਼ਤਹਿ ਕੀਤੀ। 1783 'ਚ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਤੇ ਸਰਦਾਰ ਬਘੇਲ ਸਿੰਘ ਤਿੰਨ ਜਰਨੈਲਾਂ ਦੀ ਅਗਵਾਈ 'ਚ ਸਿੱਖ ਫ਼ੌਜਾਂ ਨੇ ਦਿੱਲੀ ਫ਼ਤਹਿ ਕਰਨ ਲਈ ਦਿੱਲੀ ਵੱਲ ਚਾਲੇ ਪਾਏ। ਜੱਸਾ ਸਿੰਘ ਅਹਲੂਵਾਲੀਆ ਤੇ ਬਘੇਲ ਸਿੰਘ ਕੋਲ 50 ਹਜ਼ਾਰ ਸਿੱਖ ਫ਼ੌਜ ਸੀ। ਦਿੱਲੀ ਨੇੜੇ ਜਾ ਕੇ ਇਸ ਫ਼ੌਜ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। ਸ. ਬਘੇਲ ਸਿੰਘ ਦੀ 30 ਹਜ਼ਾਰ ਫ਼ੌਜ ਜਿੱਥੇ ਛਾਉਣੀ ਬਣਾ ਕੇ ਬੈਠੀ ਸੀ, ਅੱਜ-ਕੱਲ੍ਹ ਉਸ ਜਗ੍ਹਾ ਨੂੰ ਤੀਸ ਹਜ਼ਾਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿੱਥੇ ਦਿੱਲੀ ਹਾਈਕੋਰਟ ਸਥਿਤ ਹੈ। ਜੱਸਾ ਸਿੰਘ ਰਾਮਗੜ੍ਹੀਆ ਵੀ ਆਪਣੀ 10 ਹਜ਼ਾਰ ਫ਼ੌਜ ਲੈ ਕੇ ਪਹੁੰਚ ਗਏ। ਸਿੱਖ ਫ਼ੌਜ ਦਿੱਲੀ ਦੀ ਇਕ ਪਾਸੇ ਤੋਂ ਕੰਧ ਪਾੜ ਕੇ ਅੰਦਰ ਦਾਖ਼ਲ ਹੋ ਗਈ। ਇਸ ਨੂੰ ਅੱਜ ਮੋਰੀ ਗੇਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
11 ਮਾਰਚ 1783 ਨੂੰ ਜੱਸਾ ਸਿੰਘ ਅਹਲੂਵਾਲੀਆ, ਸ. ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ 'ਚ ਸਿੱਖ ਫ਼ੌਜਾਂ ਨੇ ਦਿੱਲੀ ਫ਼ਤਹਿ ਕਰ ਲਈ ਤੇ ਲਾਲ ਕਿਲ੍ਹੇ 'ਤੇ ਸ. ਬਘੇਲ ਸਿੰਘ ਨੇ ਕੇਸਰੀ ਨਿਸ਼ਾਨ ਝੁਲਾ ਦਿੱਤਾ। ਇਸ ਖੁਸ਼ੀ 'ਚ ਜਿੱਥੇ ਸਿੱਖਾਂ ਨੇ ਖੜ੍ਹ ਕੇ ਮਠਿਆਈ ਵੰਡੀ, ਉਸ ਜਗ੍ਹਾ ਨੂੰ 'ਪੁਲ ਮਠਿਆਈ' ਵਜੋਂ ਜਾਣਿਆ ਜਾਂਦਾ ਹੈ। 20 ਅਕਤੂਬਰ 1783 ਨੂੰ 18ਵੀਂ ਸਦੀ ਦੇ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਆਪਣੀਆਂ ਜ਼ਿੰਮੇਵਾਰੀਆਂ ਸ. ਭਾਗ ਸਿੰਘ ਨੂੰ ਸੌਂਪ ਕੇ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ। ਜੱਸਾ ਸਿੰਘ ਆਹਲੂਵਾਲੀਏ ਦਾ ਸਸਕਾਰ ਬਾਬਾ ਅਟੱਲ ਰਾਏ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਕੀਤਾ ਗਿਆ।

-ਮੋਬਾਈਲ : +9184274-54104

ਪਿਛਲੀ ਖ਼ਬਰ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਬੰਧਕੀ ਢਾਂਚੇ 'ਚ ਬਦਲਾਅ ਦੀ ਲੋੜ ਅਗਲੀ ਖ਼ਬਰ Party Workers Clash -ਓ ਤੇਰੀ ! ਆਪਸ 'ਚ ਭਿੜ ਗਏ 2 ਪਾਰਟੀਆਂ ਦੇ worker

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।