'ਸਫ਼ਰ-ਏ-ਸ਼ਹਾਦਤ' ਕਾਫ਼ਲੇ ਰਾਹੀਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੇ ਇਤਿਹਾਸ ਦੀ ਗੂੰਜ ਘਰ-ਘਰ ਪਹੁੰਚਾਉਣ ਵਾਲੇ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਸ਼੍ਰੋਮਣੀ ਕਮੇਟੀ ਨਾਲ ਆਪਣੀਆਂ ਸੇਵਾਵਾਂ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਸ਼੍ਰੋਮਣੀ ਕਮੇਟੀ 'ਚ ਸਮਰਪਿਤ, ਮਿਸਾਲੀ ਤੇ ਯਾਦਗਾਰੀ ਪੰਥਕ ਸੇਵਾਵਾਂ ਨਿਭਾਈਆਂ ਅਤੇ ਆਪਣੀ ਵਿਲੱਖਣ ਪ੍ਰਚਾਰ ਸ਼ੈਲੀ ਨਾਲ ਵੱਡੀ ਗਿਣਤੀ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਿਆ।
ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਚੂਹੜਚੱਕ ਵਿਚ ਮਾਤਾ ਹਰਬੰਸ ਕੌਰ ਤੇਂ ਪਿਤਾ ਸ. ਨਿਰਮਲ ਸਿੰਘ ਦੇ ਘਰ 1968 ਵਿਚ ਜਨਮੇ ਗਿਆਨੀ ਹਰਪਾਲ ਸਿੰਘ ਨੇ 8 ਸਾਲ ਦੀ ਉਮਰ 'ਚ ਹੀ ਗੁਰਸਿੱਖੀ ਧਾਰਨ ਕਰ ਲਈ ਸੀ। ਉਨ੍ਹਾਂ ਦੇ ਆਤਮਿਕ ਤੇ ਪੰਥਕ ਜੀਵਨ ਦੇ ਪ੍ਰੇਰਨਾ-ਸਰੋਤ ਅਮਰ ਸ਼ਹੀਦ ਭਾਈ ਫ਼ੌਜਾ ਸਿੰਘ ਸਨ, ਜੋ ਇਨ੍ਹਾਂ ਦੀ ਨੇੜਲੀ ਰਿਸ਼ਤੇਦਾਰੀ 'ਚੋਂ ਸਨ। ਗਿਆਨੀ ਹਰਪਾਲ ਸਿੰਘ ਦੇ ਚਾਚਾ ਸ. ਅਜੀਤ ਸਿੰਘ ਭਾਈ ਫ਼ੌਜਾ ਸਿੰਘ ਦੀ 'ਖ਼ਾਲਸਾ ਵਹੀਰ' ਵਿਚ ਸ਼ਾਮਿਲ ਹੁੰਦੇ ਸਨ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਇਨ੍ਹਾਂ ਨੇ ਵੀ ਬਚਪਨ ਵਿਚ 'ਖ਼ਾਲਸਾ ਵਹੀਰ' 'ਚ ਅੰਮ੍ਰਿਤ ਛਕਿਆ। ਭਾਈ ਫ਼ੌਜਾ ਸਿੰਘ ਦੇ ਅਦੁੱਤੀ ਸਿੱਖੀ ਜਜ਼ਬੇ ਤੇ ਤਿਆਗਮਈ ਜੀਵਨ ਨੇ ਬਾਲ ਹਰਪਾਲ ਸਿੰਘ ਦੇ ਮਨ 'ਤੇ ਡੂੰਘਾ ਅਸਰ ਪਾਇਆ। ਵਿਸਾਖੀ 1978 ਦੇ ਨਿਰੰਕਾਰੀ ਸਾਕੇ ਦੌਰਾਨ ਭਾਈ ਫ਼ੌਜਾ ਸਿੰਘ ਸਮੇਤ 13 ਸਿੰਘਾਂ ਦੀ ਸ਼ਹਾਦਤ ਨੇ ਇਨ੍ਹਾਂ ਦੀ ਚੇਤਨਾ ਨੂੰ ਡੂੰਘਾ ਝੰਜੋੜਿਆ ਤੇ ਗੁਰਮਤਿ ਪ੍ਰਚਾਰ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਬਖ਼ਸ਼ੀ।
1991 'ਚ ਸ਼੍ਰੋਮਣੀ ਕਮੇਟੀ ਨੇ ਜੀਵਨ, ਆਚਾਰ ਤੇ ਵਿੱਦਿਆ ਵਿਚ ਨਿਪੁੰਨ ਗੁਰਮਤਿ ਦੇ ਪ੍ਰਚਾਰਕ ਤਿਆਰ ਕਰਨ ਲਈ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ (ਦਮਦਮਾ ਸਾਹਿਬ) ਖੋਲ੍ਹਿਆ ਤਾਂ ਪਹਿਲੇ ਹੀ ਬੈਚ ਦੌਰਾਨ ਗਿਆਨੀ ਹਰਪਾਲ ਸਿੰਘ ਨੇ ਉੱਥੇ ਗੁਰਮਤਿ ਪ੍ਰਚਾਰਕ ਦੀ ਸਿਖਲਾਈ ਲਈ ਦਾਖ਼ਲਾ ਲਿਆ। 1993 'ਚ ਅੱਵਲ ਦਰਜੇ ਨਾਲ ਸਿਖਲਾਈ ਪੂਰੀ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਤੁਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰਚਾਰਕ ਵਜੋਂ ਨਿਯੁਕਤ ਕੀਤਾ। ਉਨ੍ਹਾਂ ਦਾ ਅਨੰਦ ਕਾਰਜ 1 ਦਸੰਬਰ 1998 ਨੂੰ ਕਾਹਨੂੰਵਾਨ (ਗੁਰਦਾਸਪੁਰ) ਨੇੜੇ ਬੇਟ ਦੇ ਪਿੰਡ ਘੋੜੇਵਾਹ ਦੇ ਟਕਸਾਲੀ ਗੁਰਸਿੱਖ ਪਰਿਵਾਰ ਵਿਚ ਭਾਈ ਕੇਹਰ ਸਿੰਘ ਦੀ ਧੀ ਬੀਬੀ ਤੇਜਿੰਦਰ ਕੌਰ ਨਾਲ ਹੋਇਆ।
2005 ਵਿਚ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਦਾ ਮੁੱਖ ਗ੍ਰੰਥੀ ਨਿਯੁਕਤ ਕਰ ਦਿੱਤਾ। ਇੱਥੇ ਸੇਵਾ ਕਰਦਿਆਂ ਇਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਆਮ ਸਿੱਖ ਜਨ-ਮਾਨਸ ਦੀ ਜੀਵੰਤ ਚੇਤਨਾ ਵਿਚ ਵਸਾਉਣ ਦੇ ਕਾਰਜਾਂ ਵਿਚ ਵੱਡਾ ਯੋਗਦਾਨ ਪਾਇਆ। ਇਨ੍ਹਾਂ ਦਿਨਾਂ ਦੌਰਾਨ ਹੀ ਗਿਆਨੀ ਪਿੰਦਰਪਾਲ ਸਿੰਘ ਤੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਵਿਸ਼ੇਸ਼ ਗੁਰਮਤਿ ਸਮਾਗਮ ਕਰਾਉਣ ਦੀ ਸ਼ੁਰੂਆਤ ਕੀਤੀ। 2013 'ਚ ਗਿਆਨੀ ਹਰਪਾਲ ਸਿੰਘ ਨੇ ਇਸੇ ਦਿਸ਼ਾ ਵਿਚ ਉਤਸ਼ਾਹੀ ਉਪਰਾਲਾ ਕਰਦਿਆਂ ਸਰਸਾ ਨਦੀ ਕੰਢੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਰਹਿੰਦ ਤੱਕ ਦੇ ਸ਼ਹੀਦੀ ਸਫ਼ਰ ਦੀਆਂ ਇਤਿਹਾਸ ਵਿਚ ਦਰਜ ਪੈੜਾਂ ਨੂੰ ਆਮ ਸਿੱਖਾਂ ਦੇ ਦਿਲਾਂ ਵਿਚ ਜਿਊਂਦਾ ਕਰਨ ਲਈ 'ਸਫ਼ਰ-ਏ-ਸ਼ਹਾਦਤ' ਆਰੰਭ ਕੀਤਾ। ਧਰਮ ਪ੍ਰਚਾਰ ਵਿਚ ਇਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਨੂੰ ਵੇਖਦਿਆਂ 21 ਮਈ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪਾਲ ਸਿੰਘ ਨੂੰ 'ਭਾਈ ਸਾਹਿਬ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਇਨ੍ਹਾਂ ਨੂੰ ਅਮਰੀਕਾ ਦੇ ਪਾਰਲੀਮੈਂਟ ਹਾਊਸ ਅਤੇ ਕੈਨੇਡਾ ਵਿਚ ਵੀ ਧਰਮ ਪ੍ਰਚਾਰ ਵਿਚ ਪਾਏ ਵਿਲੱਖਣ ਯੋਗਦਾਨ ਲਈ ਸਨਮਾਨ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ 'ਚ 33 ਸਾਲਾਂ ਤੱਕ ਨਿਭਾਈਆਂ ਗਈਆਂ ਸੇਵਾਵਾਂ ਤੋਂ ਪ੍ਰਬੰਧਕੀ ਕਾਇਦੇ-ਨਿਯਮਾਂ ਅਨੁਸਾਰ 30 ਅਪ੍ਰੈਲ 2026 ਨੂੰ ਸੁਰਖਰੂ ਹੋਣ ਤੋਂ ਬਾਅਦ ਗਿਆਨੀ ਹਰਪਾਲ ਸਿੰਘ ਹੁਰਾਂ ਦੇ ਜੀਵਨ ਦਾ ਨਵਾਂ ਪੜਾਅ ਨਿਸ਼ਚਿਤ ਹੀ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਹੋਰ ਵਿਆਪਕ, ਪ੍ਰਭਾਵਸ਼ਾਲੀ ਅਤੇ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਸਾਬਤ ਹੋਵੇਗਾ। ਅਕਾਲ ਪੁਰਖ ਉਨ੍ਹਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਤੇ ਪੰਥ ਸੇਵਾ ਲਈ ਹੋਰ ਵਧੇਰੇ ਬਲ ਬਖ਼ਸ਼ਣ।
-ਮੋਬਾਈਲ : 98780-70008