ਤਪਾ ਮੰਡੀ, 1 ਅਪ੍ਰੈਲ (ਪ੍ਰਵੀਨ ਗਰਗ)-ਜਿੱਥੇ ਸੂਬਾ ਸਰਕਾਰ ਵਲੋਂ ਕਣਕ ਖਰੀਦ ਦੀ ਪ੍ਰਕਿਰਿਆ ਸਬੰਧੀ 1 ਅਪ੍ਰੈਲ ਮੁਕੱਰਰ ਕੀਤੀ ਹੋਈ ਹੈ, ਉੱਥੇ ਨਾਲ ਹੀ ਸੂਬੇ ਦੀਆਂ ਮਾਰਕੀਟ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਖਰੀਦ ਕੇਂਦਰਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ, ਪ੍ਰੰਤੂ ਇਨ੍ਹਾਂ ਸਫ਼ਾਈ ਪ੍ਰਬੰਧਾਂ ਦੀ ਗਰਾਊਾਡ ਲੈਵਲ 'ਤੇ ਤਸਵੀਰ ਕੁੱਝ ਹੋਰ ਰਹੀ ਹੈ | ਜਿਸ ਨੇ ਮਾਰਕੀਟ ਕਮੇਟੀ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ | ਜਦ ਪੱਤਰਕਾਰਾਂ ਦੀ ਟੀਮ ਨੇ ਨਜ਼ਦੀਕੀ ਪਿੰਡ ਢਿਲਵਾਂ ਦੇ ਖਰੀਦ ਕੇਂਦਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਖਰੀਦ ਕੇਂਦਰ 'ਚ ਕਈ ਥਾਵਾਂ 'ਤੇ ਪਾਥੀਆਂ, ਤੂੜੀ ਦੇ ਢੇਰ ਪਏ ਹੋਏ ਸਨ, ਜਿਨ੍ਹਾਂ ਦੇ ਨਾਲ ਹੀ ਸਰੋਂ੍ਹ ਦੀਆਂ ਫਲੀਆਂ ਅਤੇ ਹੋਰ ਬੇਕਾਰ ਸਮਾਨ ਪਿਆ ਸੀ | ਜਿਸ ਨਾਲ ਅਨਾਜ ਦੀ ਸੰਭਾਲ ਅਤੇ ਕਿਸਾਨਾਂ ਦੀ ਸੁਵਿਧਾ ਦੋਵੇਂ ਪ੍ਰਭਾਵਿਤ ਹੋ ਰਹੀਆਂ ਹਨ | ਜਦਕਿ ਪ੍ਰਬੰਧਕਾਂ ਵਲੋਂ ਖ਼ਰੀਦ ਅਤੇ ਮੰਡੀਆਂ ਦੀ ਸਾਫ਼-ਸਫ਼ਾਈ ਸਬੰਧੀ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰਨੇ ਹੁੰਦੇ ਹਨ ਲੇਕਿਨ ਢਿਲਵਾਂ ਖਰੀਦ ਕੇਂਦਰ ਵਿਚ ਅਜਿਹਾ ਕੁੱਝ ਵੀ ਦੇਖਣ ਨੂੰ ਨਹੀਂ ਮਿਲਿਆ, ਜਿਸ ਦੇ ਚੱਲਦਿਆਂ ਅਧੂਰੇ ਪ੍ਰਬੰਧਾਂ ਦੀ ਘਾਟ ਨਾਲ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜਦ ਉਕਤ ਮਾਮਲੇ ਸਬੰਧੀ ਸਕੱਤਰ ਮਾਰਕੀਟ ਕਮੇਟੀ ਤਪਾ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਟੈਂਡਰ ਦੇਰੀ ਨਾਲ ਹੋਏ ਹਨ, ਇਸ ਲਈ ਸਫ਼ਾਈ ਦਾ ਕੰਮ ਮੁੱਖ ਯਾਰਡ ਤਪਾ 'ਚ ਚੱਲ ਰਿਹਾ ਹੈ ਕਣਕ ਆਉਣ ਤੋਂ ਪਹਿਲਾਂ ਮੰਡੀਆਂ 'ਚ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਜਾਣਗੇ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ |