ਤਪਾ ਮੰਡੀ, 1 ਅਪ੍ਰੈਲ (ਵਿਜੇ ਸ਼ਰਮਾ)-ਬੀਤੀ ਦੇਰ ਰਾਤ ਤਪਾ ਖੇਤਰ ਅੰਦਰ ਬਰਸਾਤ ਅਤੇ ਕਈ ਪਿੰਡਾਂ ਵਿਚ ਹਲਕੀ ਗੜੇਮਾਰੀ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ ਅਤੇ ਕਿਸਾਨ ਦਾਤੇ ਅੱਗੇ ਅਰਦਾਸਾਂ ਕਰਨ ਲੱਗੇ ਹਨ ਤਾਂ ਜੋ ਕਣਕ ਦਾ ਸੀਜ਼ਨ ਨੇਪਰੇ ਚੜ ਸਕੇ | ਤਪਾ ਖੇਤਰ ਦੇ ਪਿੰਡ ਤਾਜੋਕੇ ਤੋਂ ਕਿਸਾਨ ਜਗਸੀਰ ਸਿੰਘ ਭੁੱਲਰ, ਪਰਮਜੀਤ ਸਿੰਘ ਪੰਮਾ ਅਤੇ ਬਲਤੇਜ ਸਿੰਘ ਬੋਘਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੌਸਮ ਦੇ ਖ਼ਰਾਬ ਹੋਣ ਕਰ ਕੇ ਤੇਜ਼ ਬਰਸਾਤ ਅਤੇ ਹਲਕੀ ਗੜੇਮਾਰੀ ਹੋਣ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੌਸਮ ਦੁਬਾਰਾ ਖ਼ਰਾਬ ਹੁੰਦਾ ਹੈ ਤਾਂ ਕਿਸਾਨਾਂ ਵਲੋਂ ਪੁੱਤਾਂ ਵਾਂਗੂ ਪਾਲੀ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਜਾਵੇਗਾ | ਜਿਸ 'ਤੇ ਕਣਕ ਦੇ ਝਾੜ 'ਤੇ ਵੀ ਮਾੜਾ ਅਸਰ ਪਵੇਗਾ ਕਿਉਂਕਿ ਕਣਕ ਦੀ ਫ਼ਸਲ ਤਾਂ ਖੇਤਾਂ ਵਿਚ ਪਹਿਲਾਂ ਹੀ ਡਿਗ ਚੁੱਕੀ ਹੈ ਜਿਸ ਕਰ ਕੇ ਕਣਕ ਦੀ ਵਾਢੀ ਕਰਨ ਵੇਲੇ ਵੀ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਹੋਣਗੀਆਂ | ਤਪਾ ਦੇ ਕਿਸਾਨ ਜਗਤਾਰ ਸਿੰਘ ਬਾਸੀ ਅਤੇ ਬਲਜੀਤ ਸਿੰਘ ਬਾਸੀ ਨੇ ਦੱਸਿਆ ਕਿ ਲੰਘੀ ਰਾਤ ਮੌਸਮ ਦੇ ਖ਼ਰਾਬ ਹੋਣ ਕਰ ਕੇ ਬਰਸਾਤ ਹੋਣ ਲੱਗੀ ਜਿਸ ਕਰ ਕੇ ਕਣਕ ਦੀ ਫ਼ਸਲ ਦਾ ਥੋੜ੍ਹਾ ਮੋਟਾ ਨੁਕਸਾਨ ਹੋ ਸਕਦਾ ਹੈ | ਜੇਕਰ ਮੌਸਮ ਜ਼ਿਆਦਾ ਖ਼ਰਾਬ ਹੋ ਗਿਆ ਤਾਂ ਕਣਕ ਦੇ ਫ਼ਸਲ ਦਾ ਕਾਫੀ ਨੁਕਸਾਨ ਹੋਵੇਗਾ, ਜਿਸ ਦੀ ਕਿਸਾਨਾਂ ਨੂੰ ਭਰਪਾਈ ਕਰਨੀ ਵੀ ਮੁਸ਼ਕਿਲ ਹੋ ਜਾਵੇਗੀ ਕਿਉਂਕਿ ਕਣਕ ਦੀ ਫ਼ਸਲ ਦੀ ਦੋ ਚਾਰ ਦਿਨਾਂ ਵਿਚ ਮਸ਼ੀਨਾਂ ਨਾਲ ਵਾਢੀ ਸ਼ੁਰੂ ਹੋ ਜਾਵੇਗੀ |