ਮਹਿਲ ਕਲਾਂ, 1 ਅਪ੍ਰੈਲ (ਅਵਤਾਰ ਸਿੰਘ ਅਣਖੀ)-ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਯੂਨੀਅਨ, ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਐਮ.ਐਸ.ਯੂ ਸਮੇਤ ਸਮੂਹ ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵਲੋਂ 29 ਲੇਬਰ ਕਾਨੂੰਨਾਂ ਨੂੰ ਰੱਦ ਕਰ ਕੇ 4 ਨਵੇਂ ਲੇਬਰ ਕਾਨੂੰਨ ਜ਼ਬਰਦਸਤੀ ਲਾਗੂ ਕਰਨ ਦੇ ਵਿਰੋਧ 'ਚ ਕਾਲੇ ਬਿੱਲੇ ਲਗਾ ਕੇ ਬਿਜਲੀ ਗਰਿੱਡ ਮਹਿਲ ਕਲਾਂ ਵਿਖੇ ਗੇਟ ਰੈਲੀ ਕੀਤੀ ਗਈ | ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਸਕੱਤਰ ਕੁਲਵੀਰ ਸਿੰਘ ਅÏਲਖ ਨੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਪੁਰਖਿਆਂ ਵਲੋਂ ਅਨੇਕਾਂ ਕੁਰਬਾਨੀਆਂ ਅਤੇ ਤਿੱਖੇ ਸੰਘਰਸ਼ਾਂ ਰਾਹੀਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਦੇ ਹੱਕ ਵਿਚ ਕਿਰਤ ਕਾਨੂੰਨ ਲਾਗੂ ਕਰਵਾਏ ਸਨ | ਪਰ ਅੱਜ ਮੋਦੀ ਸਰਕਾਰ ਵਿਦੇਸ਼ੀ ਕੰਪਨੀਆਂ ਅਤੇ ਅਡਾਨੀ-ਅੰਬਾਨੀ ਦੇ ਹਿਤ 'ਚ ਇਹ ਨਵੇਂ ਕਾਨੂੰਨ ਲਾਗੂ ਕਰ ਰਹੀ ਹੈ, ਜਿਸ ਨਾਲ ਕਿਰਤ ਕਰਨ ਵਾਲੇ ਹਰ ਨਾਗਰਿਕ ਨੂੰ ਭਾਰੀ ਨੁਕਸਾਨ ਹੋਵੇਗਾ | ਇਸ ਦੇ ਰੋਸ ਵਜੋਂ ਅੱਜ ਭਾਰਤ ਪੱਧਰ 'ਤੇ ਕਿਰਤੀ ਲੋਕਾਂ ਵਲੋਂ ਕਾਲਾ ਦਿਨ ਮਨਾਇਆ ਜਾ ਰਿਹਾ ਹੈ | ਸਬ-ਡਵੀਜ਼ਨ ਸਕੱਤਰ ਜਸਵਿੰਦਰ ਸਿੰਘ ਚੰਨਣਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀ ਆਵਾਜ਼ ਨੂੰ ਸਮਝ ਕੇ ਇਹ ਕਾਲੇ ਲੇਬਰ ਕਾਨੂੰਨਾਂ ਨੂੰ ਵਾਪਸ ਲੇਵੇ | ਜੇ ਇਹ ਨਾ ਹੋਇਆ ਤਾਂ ਸਮੂਹ ਭਾਰਤ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਦੁਕਾਨਦਾਰ ਸਮੂਹ ਕਿਰਤੀ ਲੋਕ ਇਕੱਠੇ ਹੋ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਪੰਜਾਬ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਅਤੇ ਡੀ.ਏ ਜਾਰੀ ਨਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ | ਇਸ ਦੇ ਵਿਰੋਧ 'ਚ 10 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮ ਹੈਡ ਆਫ਼ਿਸ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਬਿਜਲੀ ਕਾਮੇ ਲਾਮਿਸਾਲ ਧਰਨਾ ਦੇਣਗੇ | ਇਸ ਧਰਨੇ ਦੀ ਤਿਆਰੀ ਲਈ ਵੱਖ-ਵੱਖ ਥਾਵਾਂ ਤੋਂ ਇਲਾਵਾ 4 ਅਪ੍ਰੈਲ ਨੂੰ 66 ਕੇ.ਵੀ ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਕਨਵੈੱਨਸ਼ਨ ਕੀਤੀ ਜਾਵੇਗੀ | ਜਿਸ 'ਚ ਸਟੇਟ ਪੱਧਰ ਦੇ ਆਗੂ ਅਗਲੀ ਰਣਨੀਤੀ ਬਾਰੇ ਵਿਚਾਰ ਸਾਂਝੇ ਕਰਨਗੇ | ਇਸ ਮੌਕੇ ਮਨਦੀਪ ਸਿੰਘ ਗਹਿਲ, ਗੁਰਪ੍ਰੀਤ ਸਿੰਘ ਛੀਨੀਵਾਲ, ਤਰਨਜੀਤ ਸਿੰਘ ਵਜੀਦਕੇ, ਲਲਿਤ ਕੁਮਾਰ ਯੂ.ਡੀ.ਸੀ ਅਤੇ ਸੁਖਵਿੰਦਰ ਸਿੰਘ ਚੁਹਾਣਕੇ ਆਦਿ ਆਗੂਆਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ | ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ |