ਮਹਿਲ ਕਲਾਂ, 1 ਅਪ੍ਰੈਲ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਮਾਂਗੇਵਾਲ ਨਾਲ ਸਬੰਧਿਤ ਇਕ ਡੇਰੇਦਾਰ ਧਿਰ ਅਤੇ ਕੁੱਝ ਅਨੁਸੂਚਿਤ ਜਾਤੀ ਨਾਲ ਸਬੰਧਿਤ ਪਰਿਵਾਰਾਂ ਵਿਚਕਾਰ ਗੈਰਮੁਮਕਿਨ ਪਹੀ ਦੇ ਮਾਮਲੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਪਿਛਲੇ ਕਈ ਸਾਲਾਂ ਤੋਂ ਜਿਉਂ ਦਾ ਤਿਉਂ ਦਿਖਾਈ ਦੇ ਰਿਹਾ ਹੈ | ਇਸ ਮਾਮਲੇ ਵਿਚ ਐਸ.ਸੀ. ਕਮਿਸ਼ਨ ਤੋਂ ਇਲਾਵਾ ਅਦਾਲਤਾਂ ਵਿਚ ਹੋਏ ਹੁਕਮਾਂ ਦੀ ਸ਼ਰੇ੍ਹਆਮ ਹੁਕਮ ਅਦੁੱਲੀ ਸਬੰਧਿਤ ਵਿਭਾਗੀ ਅਫ਼ਸਰਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਗੈਰਮੁਮਕਿਨ ਪਹੀ 'ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ ਛੁਡਵਾਉਣੇ ਦੀ ਕਾਰਵਾਈ ਜ਼ੀਰੋ ਹੈ | ਇਸ ਸਮੇਂ ਮਲਕੀਤ ਸਿੰਘ ਮਾਂਗੇਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 9 ਸਾਲ ਤੋਂ ਗੈਰਮੁਮਕਿਨ ਪਹੀ ਦਾ ਵਿਵਾਦ ਚੱਲ ਰਿਹਾ ਹੈ, ਕਾਂਗਰਸ ਦੇ ਰਾਜ ਦੌਰਾਨ ਅਨੇਕਾਂ ਵਾਰ ਐਸ.ਸੀ ਕਮਿਸ਼ਨ ਦੇ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਝਗੜੇ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਤੇ ਸਥਾਨਕ ਲੋਕਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ, ਪੰ੍ਰਤੂ ਮਾਮਲਾ ਜਿਉਂ ਦਾ ਤਿਉਂ ਦਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਆਉਣ ਨਾਲ ਵੀ ਇਸ ਮਾਮਲੇ ਨੂੰ ਸੁਲਝਾਉਣ ਦੀ ਆਸ ਲੋਕਾਂ ਨੂੰ ਬੱਝੀ ਸੀ ਕਿ ਹੁਣ ਆਮ ਲੋਕਾਂ ਦੀ ਗੱਲ ਜਾਵੇਗੀ, ਪ੍ਰੰਤੂ ਆਮ ਆਦਮੀ ਦੀ ਸਰਕਾਰ ਦੌਰਾਨ ਵੀ ਆਮ ਲੋਕਾਂ ਦੀ ਨਹੀਂ ਸੁਣੀ ਗਈ ਕਿਉਂਕਿ ਝਗੜੇ ਵਾਲੀ ਧਿਰ ਵਿਚ ਇਕ ਪਾਸੇ ਅਨੁਸੂਚਿਤ ਲੋਕਾਂ ਦੀ ਮਾਮੂਲੀ ਗਿਣਤੀ ਹੈ ਅਤੇ ਦੂਸਰੇ ਪਾਸੇ ਇਕ ਅਮੀਰ ਧਿਰ ਹੈ | ਮਲਕੀਤ ਸਿੰਘ ਨੇ ਕਿਹਾ ਕਿ ਅਦਾਲਤਾਂ ਵਿਚ ਹੋਏ ਅਨੇਕਾਂ ਫ਼ੈਸਲਿਆਂ ਨੂੰ ਹੇਠਲੇ ਪੱਧਰ 'ਤੇ ਵਿਭਾਗੀ ਅਧਿਕਾਰੀਆਂ ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ | ਇਸ ਸਮੇਂ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗੈਰਮੁਮਕਿਨ ਪਹੀ 'ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਛਡਵਾਇਆ ਜਾਵੇ ਅਤੇ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਕਾਰਵਾਈ ਕਰ ਕੇ ਆਮ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ | ਇਸ ਮੌਕੇ ਸੁਖਪਾਲ ਸਿੰਘ, ਤੀਰਥ ਸਿੰਘ, ਸਰਬਜੀਤ ਸਿੰਘ, ਚਰਨ ਸਿੰਘ, ਸੁਰਜੀਤ ਸਿੰਘ, ਬੁੱਧ ਸਿੰਘ, ਕਰਮਜੀਤ ਕੌਰ, ਸੁਰਜੀਤ ਕੌਰ,. ਜਰਨੈਲ ਕੌਰ, ਸ਼ਿੰਦਰ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰੀਨ ਲੋਕਾਂ ਵਲੋਂ ਇਸ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਨਾਜਾਇਜ਼ ਤੌਰ 'ਤੇ ਬੰਦ ਕੀਤੇ ਗੈਰਮੁਮਕਿਨ ਪਹੀ ਦੇ ਰਸਤੇ ਨੰੂ ਖੁਲ੍ਹਵਾਉਣ ਦੀ ਮੰਗ ਕੀਤੀ ਗਈ |