ਸ਼ਹਿਣਾ, 22 ਜਨਵਰੀ (ਸੁਰੇਸ਼ ਗੋਗੀ)-ਸ਼ਹੀਦ ਭਗਤ ਸਿੰਘ ਤੂੜੀ ਸਿਲਕਾ ਯੂਨੀਅਨ ਵਲੋਂ ਹਰਿਆਣਾ 'ਚ ਤੂੜੀ ਲੈ ਕੇ ਜਾਣ ਵਾਲੇ ਟਰੈਕਟਰ-ਟਰਾਲੀਆਂ ਦੇ ਧੜਾ-ਧੜ ਕੀਤੇ ਜਾ ਰਹੇ ਚਲਾਨ 'ਤੇ ਇਤਰਾਜ਼ ਜਤਾਇਆ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਸਹਿਬਾਜ ਸਿੰਘ ਮੌੜ ਨੇ ਦੱਸਿਆ ਕਿ ਹਰਿਆਣਾ ਦੀਆਂ ਗਊਸ਼ਾਲਾ, ਫ਼ੈਕਟਰੀਆਂ ਅਤੇ ਦੱੁਧ ਡੇਅਰੀਆਂ ਲਈ ਪੰਜਾਬ ਦੇ ਵੱਡੀ ਪੱਧਰ 'ਤੇ ਤੂੜੀ ਦਾ ਵਪਾਰ ਕਰਨ ਵਾਲੇ ਵਿਅਕਤੀ ਟਰੈਕਟਰ-ਟਰਾਲੀਆਂ ਰਾਹੀਂ ਤੂੜੀ ਲੈ ਕੇ ਜਾਂਦੇ ਹਨ ਅਤੇ ਕਈ ਹਰਿਆਣਾ ਪਾਰ ਕਰ ਕੇ ਯੂ.ਪੀ ਵੀ ਉਕਤ ਤੂੜੀ ਤੇ ਸਿਲਕਾ ਲੈ ਕੇ ਜਾਂਦੇ ਹਨ, ਪਰ ਹਰਿਆਣਾ ਵਿਚ ਪ੍ਰਸ਼ਾਸਨ ਵਲੋਂ ਟਰੈਕਟਰ-ਟਰਾਲੀਆਂ ਦੇ ਧੜਾਧੜ 40 ਤੋਂ 50 ਹਜ਼ਾਰ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਹਲਫ਼ੀਆ ਬਿਆਨ ਲਏ ਜਾ ਰਹੇ ਹਨ, ਕਿ ਅੱਗੇ ਤੋਂ ਅਜਿਹਾ ਮਾਲ ਲੋਡ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਟਰੈਕਟਰ-ਟਰਾਲੀਆਂ ਨੂੰ ਬੰਦ ਵੀ ਕੀਤਾ ਜਾ ਰਿਹਾ ਹੈ | ਸੂਬਾ ਪ੍ਰਧਾਨ ਨੇ ਕਿਹਾ ਕਿ ਰੋਜ਼ਾਨਾ ਡੇਢ ਸੌ ਦੇ ਕਰੀਬ ਟਰਾਲੀ ਹਰਿਆਣਾ ਵਿਚ ਤੂੜੀ ਲੈ ਕੇ ਰਵਾਨਾ ਹੁੰਦੀ ਹੈ | ਵੱਡੀ ਪੱਧਰ 'ਤੇ ਕੱਟੇ ਗਏ ਚਲਾਨ ਕਾਰਨ ਤੂੜੀ ਵਪਾਰੀਆਂ ਨੂੰ ਵੱਡਾ ਘਾਟਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਦਾ ਇਸੇ ਤਰ੍ਹਾਂ ਰਵੱਈਆ ਰਿਹਾ, ਤਾਂ ਉਹ ਤੂੜੀ ਦਾ ਕੰਮ ਬੰਦ ਕਰਨ ਲਈ ਮਜਬੂਰ ਹੋਣਗੇ | ਸੂਬਾ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਸਰਕਾਰ ਜਿੱਥੇ ਬੇਲੋੜੇ ਚਲਾਨ ਕੱਟਣੇ ਬੰਦ ਕਰੇ, ਉੱਥੇ ਉਨ੍ਹਾਂ ਨੂੰ ਰਾਤ ਸਮੇਂ ਸੜਕਾਂ 'ਤੇ ਆਪਣੀ ਤੂੜੀ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਤੂੜੀ ਵਪਾਰੀਆਂ ਦਾ ਸਮਾਂ ਬਚ ਸਕੇ ਅਤੇ ਪ੍ਰਸ਼ਾਸਨ ਨੂੰ ਟਰੈਫ਼ਿਕ ਦੀ ਕੋਈ ਸਮੱਸਿਆ ਨਾ ਆਵੇ |