ਬਰਨਾਲਾ, 22 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ | ਇਹ ਹੁਕਮ ਜ਼ਿਲ੍ਹੇ ਦੇ ਸਮੂਹ ਹੋਟਲਾਂ, ਰੈਸਟੋਰੈਂਟਾਂ ਅਤੇ ਗੈਸਟ ਹਾਊਸਾਂ ਦੇ ਮਾਲਕਾਂ, ਮੈਨੇਜਰਾਂ ਅਤੇ ਕੇਅਰ-ਟੇਕਰਾਂ 'ਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ | ਉਨ੍ਹਾਂ ਕਿਹਾ ਕਿ ਕਿਸੇ ਵੀ ਅਗਿਆਤ ਜਾਂ ਅਣਜਾਣ ਵਿਅਕਤੀ ਨੂੰ ਜਿਸ ਦੀ ਪਛਾਣ ਸਥਾਪਿਤ ਨਾ ਹੋਵੇ, ਉਸ ਨੂੰ ਹੋਟਲ ਜਾਂ ਗੈਸਟ ਹਾਊਸ ਵਿਚ ਰਹਿਣ ਦੀ ਇਜਾਜ਼ਤ ਨਾ ਦਿੱਤੀ ਜਾਵੇ | ਇਸ ਤੋਂ ਇਲਾਵਾ ਹਰੇਕ ਹੋਟਲ ਅਤੇ ਗੈਸਟ ਹਾਊਸ ਲਈ ਯਾਤਰੀਆਂ ਅਤੇ ਮਹਿਮਾਨਾਂ ਦਾ ਰਿਕਾਰਡ ਰੱਖਣ ਵਾਸਤੇ ਇੱਕ ਵਿਸ਼ੇਸ਼ ਰਜਿਸਟਰ ਲਗਾਉਣਾ ਲਾਜ਼ਮੀ ਹੋਵੇਗਾ | ਜਿਸ ਵਿਚ ਯਾਤਰੀ/ਮਹਿਮਾਨ ਵੱਲੋਂ ਖ਼ੁਦ ਆਪਣੇ ਹੱਥ ਨਾਲ ਆਪਣਾ ਨਾਮ, ਪਤਾ, ਫ਼ੋਨ ਨੰਬਰ ਅਤੇ ਪਛਾਣ ਪੱਤਰ ਆਦਿ ਦਾ ਵੇਰਵਾ ਲਿਖ ਕੇ ਦਸਤਖ਼ਤ ਕਰਨੇ ਜ਼ਰੂਰੀ ਹੋਣਗੇ | ਉਨ੍ਹਾਂ ਕਿਹਾ ਕਿ ਹੋਟਲ, ਰੈਸਟੋਰੈਂਟ ਅਤੇ ਗੈਸਟ ਹਾਊਸ ਦੇ ਮਾਲਕ ਸੁਨਿਸ਼ਚਿਤ ਕਰਨਗੇ ਕਿ ਯਾਤਰੀ/ਮਹਿਮਾਨ ਦੀ ਪਛਾਣ ਸਿਰਫ਼ ਸਰਕਾਰੀ ਸ਼ਨਾਖ਼ਤੀ ਕਾਰਡ ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਜਾਂ ਕੋਈ ਹੋਰ ਸਰਕਾਰੀ ਆਈ.ਡੀ. ਕਾਰਡ ਨਾਲ ਹੀ ਹੋਵੇ | ਜ਼ਿਲ੍ਹਾ ਮੈਜਿਸਟਰੇਟ ਨੇ ਸਪਸ਼ਟ ਕੀਤਾ ਹੈ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਹ ਕਦਮ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ |