ਮਹਿਲ ਕਲਾਂ, 22 ਜਨਵਰੀ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ 'ਚ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਪਿੰਡ ਕੁਰੜ ਤੋਂ ਮਹਿਲ ਕਲਾਂ ਵੱਲ ਆ ਰਹੀ ਸਵਾਰੀਆਂ ਨਾਲ ਨੱਕੋ-ਨੱਕ ਭਰੀ ਇਕ ਮਿੰਨੀ ਬੱਸ ਅਚਾਨਕ ਸੰਤੁਲਨ ਵਿਗੜਨ ਕਾਰਨ ਪਿੰਡ ਮਹਿਲ ਖ਼ੁਰਦ ਦੇ ਨਜ਼ਦੀਕ ਖੇਤਾਂ ਵਿਚ ਜਾ ਪਲਟੀ | ਇਹ ਹਾਦਸਾ ਸਵੇਰੇ ਤਕਰੀਬਨ ਪੌਣੇ 9 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ, ਜਦੋਂ ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਸੜਕ ਦਾ ਅੰਦਾਜ਼ਾ ਨਹੀਂ ਲੱਗਿਆ ਅਤੇ ਬੱਸ ਦਾ ਇਕ ਟਾਇਰ ਅਚਾਨਕ ਸੜਕ ਤੋਂ ਹੇਠਾਂ ਉੱਤਰ ਗਿਆ | ਸੜਕ ਦੇ ਕਿਨਾਰਿਆਂ 'ਤੇ ਜਗ੍ਹਾ ਘੱਟ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ ਸਕੂਲੀ ਵਿਦਿਆਰਥੀਆਂ, ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਆਮ ਲੋਕਾਂ ਵਿਚ ਚੀਕ ਚਿਹਾੜਾ ਮਚ ਗਿਆ | ਘਟਨਾ ਦਾ ਪਤਾ ਲਗਦਿਆਂ ਹੀ ਆਸ-ਪਾਸ ਦੇ ਖੇਤਾਂ 'ਚ ਕੰਮ ਕਰਦੇ ਲੋਕਾਂ ਅਤੇ ਰਾਹਗੀਰਾਂ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਬੱਸ ਵਿਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਇਲਾਜ ਲਈ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਵਿਖੇ ਦਾਖ਼ਲ ਕਰਵਾਇਆ | ਇਸ ਹਾਦਸੇ ਵਿਚ ਕੁੱਲ 15 ਸਵਾਰੀਆਂ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਦੇ 7 ਵਿਦਿਆਰਥੀ, ਮਾਲਵਾ ਨਰਸਿੰਗ ਕਾਲਜ ਦੀਆਂ 5 ਵਿਦਿਆਰਥਣਾਂ ਅਤੇ 3 ਹੋਰ ਵਿਅਕਤੀ ਸ਼ਾਮਿਲ ਹਨ | ਹਸਪਤਾਲ ਦੀ ਐਸ.ਐਮ.ਓ. ਗੁਰਤੇਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਦੋ ਲੜਕੀਆਂ ਗਗਨਦੀਪ ਕੌਰ ਪੁੱਤਰੀ ਚਮਕੌਰ ਖਾਂ ਅਤੇ ਰਮਨਦੀਪ ਕੌਰ ਪੁੱਤਰੀ ਜਗਦੇਵ ਸਿੰਘ (ਦੋਵੇਂ ਵਾਸੀ ਪੰਡੋਰੀ) ਦੀ ਗੰਭੀਰ ਹਾਲਤ ਨੂੰ ਦੇਖਦੇ ਸਿਵਲ ਹਸਪਤਾਲ ਬਰਨਾਲਾ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਮਹਿਲ ਕਲਾਂ ਵਿਖੇ ਹੀ ਚੱਲ ਰਿਹਾ ਹੈ | ਜ਼ਖ਼ਮੀਆਂ ਦੀ ਪਛਾਣ ਵਿਚ ਜਸਵਿੰਦਰ ਕੌਰ ਵਾਸੀ ਕੁਰੜ, ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਦੀਪ ਕੌਰ (ਮਹਿਲ ਖ਼ੁਰਦ), ਅਨੁ ਰਾਣੀ (ਛਾਪਾ), ਨੇਹਾ ਕੌਰ (ਕੁਰੜ) ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀ ਸੁਖਵੀਰ ਸਿੰਘ, ਮਹਿਕਪ੍ਰੀਤ ਕੌਰ, ਕਿਰਨਜੀਤ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ, ਖ਼ੁਸ਼ਦੀਪ ਕੌਰ ਤੇ ਸੁਹਾਣਾ (ਸਾਰੇ ਵਾਸੀ ਪੰਡੋਰੀ) ਵਜੋਂ ਹੋਈ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਬੱਸ ਵਿਚ ਸਮਰੱਥਾ ਤੋਂ ਕਿਤੇ ਵੱਧ ਸਵਾਰੀਆਂ ਸਵਾਰ ਸਨ | ਘਟਨਾ ਦੀ ਸੂਚਨਾ ਮਿਲਦੇ ਹੀ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਮਿਊਨਿਟੀ ਹੈਲਥ ਸੈਂਟਰ ਪਹੁੰਚ ਕੇ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਪੀੜਤਾਂ ਦਾ ਹਾਲ-ਚਾਲ ਪੁੱਛਦਿਆਂ ਪ੍ਰਸ਼ਾਸਨ ਤੋਂ ਬਿਹਤਰ ਇਲਾਜ ਦੀ ਮੰਗ ਕੀਤੀ ਅਤੇ ਨਿੱਜੀ ਤੌਰ 'ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਧੁੰਦ ਦੇ ਦਿਨਾਂ ਵਿਚ ਸੜਕਾਂ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਅਤੇ ਓਵਰਲੋਡ ਵਾਹਨਾਂ 'ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ |