ਸਮਰਾਲਾ, 7 ਮਈ (ਗੋਪਾਲ ਸੋਫਤ)-ਪੰਜਾਬ ਭਰ ਦੀਆਂ ਨਗਰ ਕੌਂਸਲਾਂ ਦੇ ਸਫ਼ਾਈ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ ਦੇ ਸੱਦੇ 'ਤੇ ਦੂਜੇ ਦਿਨ ਵੀ ਸਫ਼ਾਈ ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਰੱਖੀ ਅਤੇ ਸ਼ਹਿਰ ਵਿਚ ਸਫ਼ਾਈ ਦਾ ਕੰਮ ਠੱਪ ਰੱਖਿਆ | ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਰਘਵੀਰ ਨੇ ਕਿਹਾ ਕਿ ਇਹ ਹੜਤਾਲ ਲੰਬੇ ਸਮੇਂ ਤੱਕ ਚੱਲ ਸਕਦੀ ਹੈ | ਉਨ੍ਹਾਂ ਕਿਹਾ ਕਿ ਇਸ ਹੜਤਾਲ ਦੇ ਵਿਚ ਕੋਈ ਵੀ ਪ੍ਰਾਈਵੇਟ ਸਫ਼ਾਈ ਸੇਵਕ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਜਥੇਬੰਦੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਜਥੇਬੰਦੀ ਦੀਆਂ ਮੰਗਾਂ ਵਿਚ ਠੇਕੇਦਾਰੀ ਪ੍ਰਥਾ ਬੰਦ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਤਰਸ ਦੇ ਆਧਾਰ 'ਤੇ ਨੌਕਰੀ ਬਿਨਾਂ ਸ਼ਰਤ 'ਤੇ ਦੇਣ ਅਤੇ 2004 ਤੋਂ ਮੁਲਾਜ਼ਮਾਂ ਦੀ ਬੰਦ ਪੈਨਸ਼ਨ ਨੂੰ ਚਾਲੂ ਕੀਤੇ ਜਾਣ ਦੀ ਮੰਗ ਸ਼ਾਮਲ ਹਨ | ਉਨ੍ਹਾਂ ਇਲਜ਼ਾਮ ਲਾਇਆ ਕਿ ਸਾਲ 2021 ਵਿਚ ਕੀਤੇ ਗਏ ਵਾਅਦਿਆਂ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ | ਜਥੇਬੰਦੀ ਦੇ ਸੱਦੇ ਅਨੁਸਾਰ ਅੱਜ ਹੜਤਾਲ ਦੇ ਦੂਸਰੇ ਦਿਨ ਸਫ਼ਾਈ ਸੇਵਕਾਂ ਨੇ ਸਥਾਨਕ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਆਪਣੀਆਂ ਮੰਗਾਂ ਸਬੰਧੀ ਐੱਸ. ਡੀ. ਐੱਮ. ਨੂੰ ਮੰਗ ਪੱਤਰ ਵੀ ਦਿਤਾ ਹੈ |