ਮਾਛੀਵਾੜਾ ਸਾਹਿਬ, 1 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਅੱਠਵੇਂ ਪਾਤਸ਼ਾਹ ਸ੍ਰੀ ਹਰਕਿ੍ਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਅਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਅੱਜ ਸਵੇਰੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ, ਵੱਖ-ਵੱਖ ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਇਤਿਹਾਸਕ ਪ੍ਰਸੰਗ ਸੁਣਾਏ ਗਏ | ਸ਼ਾਮ ਨੂੰ ਰਹਿਰਾਸ ਦੀ ਸਮਾਪਤੀ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਜਸਦੇਵ ਸਿੰਘ, ਸੁਖਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਇਸ ਉਪਰੰਤ ਭਾਈ ਚਰਨਜੀਤ ਸਿੰਘ ਵਲੋਂ ਦਰਬਾਰ ਹਾਲ ਵਿਚ ਕਥਾ ਦਾ ਪ੍ਰਵਾਹ ਚਲਾਇਆ ਗਿਆ | ਉਨ੍ਹਾਂ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਦੇ ਜਨਮ ਅਤੇ ਜੋਤੀ ਜੋਤ ਸਮਾਉਣ ਤੱਕ ਦੀ ਕਥਾ ਬਹੁਤ ਹੀ ਰੋਚਕ ਢੰਗ ਨਾਲ ਸੰਗਤਾਂ ਨੂੰ ਸਰਵਣ ਕਰਵਾਈ | ਪ੍ਰਬੰਧਕਾਂ ਵਲੋਂ ਭਾਈ ਚਰਨਜੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬਾਬਾ ਮੋਹਣ ਸਿੰਘ, ਕਥਾ ਵਾਚਕ ਇਕਨਾਮ ਸਿੰਘ, ਜਸਪਾਲ ਸਿੰਘ ਜੱਜ, ਲੰਗਰ ਇੰਚਾਰਜ ਭਾਈ ਬਿੰਦਰ ਸਿੰਘ, ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਹਾਜ਼ਰ ਸਨ |