ਮਲੌਦ, 1 ਅਪ੍ਰੈਲ (ਸਹਾਰਨ ਮਾਜਰਾ)-ਵਿਧਾਨ ਸਭਾ ਹਲਕਾ ਪਾਇਲ ਦੇ ਅੰਦਰ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਅੰਦਰੂਨੀ ਗਠਜੋੜ ਹੈ ਕਿਉਂਕਿ ਇਹ ਦੋਵੇਂ ਧਿਰਾਂ ਤੀਸਰੇ ਬਦਲ ਨੂੰ ਰੋਕਣ ਦੇ ਲਈ ਰਲ ਕੇ ਸਿਆਸੀ ਖੇਡ ਖੇਡ ਰਹੀਆਂ ਹਨ | ਅਸੀਂ ਸ਼ੁਰੂ ਤੋਂ ਹੀ ਆਖਦੇ ਹਾਂ ਕਿ ਮੌਜੂਦਾ ਐਮ. ਐਲ. ਏ ਅਤੇ ਸਾਬਕਾ ਐਮ. ਐਲ. ਏ ਰਲ ਕੇ ਸਾਂਝੀ ਸਿਆਸੀ ਕੁਸ਼ਤੀ ਖੇਡ ਰਹੇ ਹਨ | ਬਲਾਕ ਸੰਮਤੀ ਮਲੌਦ ਦੀ ਚੋਣ ਨਾਲ ਹੁਣ ਇਹ ਖੇਡ ਖੁੱਲ ਕੇ ਸਾਹਮਣੇ ਆ ਚੁੱਕੀ ਹੈ | ਇਹ ਦੋਸ਼ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ | ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਕਾਂਗਰਸ ਦੇ 6 ਮੈਂਬਰ ਅਤੇ ਆਮ ਆਦਮੀ ਪਾਰਟੀ ਦੇ 3 ਮੈਂਬਰਾਂ ਨੇ ਰਲ ਕੇ ਇੱਕ ਦੂਜੇ ਨੂੰ ਵੋਟਾਂ ਪਾਈਆਂ ਅਤੇ ਕਾਂਗਰਸ ਨੇ ਆਪਣਾ ਚੇਅਰਮੈਨ ਅਤੇ ਆਪ ਨੇ ਆਪਣਾ ਉਪ ਚੇਅਰਮੈਨ ਬਣਾਇਆ ਹੈ | ਜਿਹੜਾ ਗੱਠਜੋੜ ਪਰਦੇ ਦੇ ਪਿੱਛੇ ਸੀ ਉਹ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ | ਜਿਹੜੀ ਕਾਂਗਰਸ ਆਮ ਆਦਮੀ ਪਾਰਟੀ ਨੂੰ ਇਹ ਕਹਿ ਕੇ ਕੋਸਦੀ ਸੀ ਕਿ ਇਸ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅੱਜ ਉਸੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੀ ਮਦਦ ਨਾਲ ਆਪਣਾ ਚੇਅਰਮੈਨ ਬਣਾਉਣਾ ਪਿਆ | ਫਿਰ ਸਿਧਾਂਤ ਕਿੱਥੇ ਹਨ? ਕੀ ਇਹ ਮੰਨ ਲਈਏ ਕਿ ਆਉਣ ਵਾਲੀਆਂ ਚੋਣਾਂ ਚ ਵੀ ਇਹਨਾਂ ਦਾ ਗੱਠਜੋੜ ਹੋਵੇਗਾ | ਉਨ੍ਹਾਂ ਕਿਹਾ ਕਿ ਮੈਂ ਰੱਜ ਕੇ ਇੱਕ ਦੂਜੇ ਨੂੰ ਕੋਸਣ ਵਾਲੇ ਲੋਕ ਚੇਅਰਮੈਨੀਆਂ ਤੇ ਉਪ ਚੇਅਰਮੈਨੀਆਂ ਲਈ ਕਿਵੇਂ ਇਕੱਠੇ ਹੋ ਜਾਂਦੇ ਹਨ | ਸਾਬਕਾ ਵਿਧਾਇਕ ਅਤੇ ਮੌਜੂਦਾ ਵਿਧਾਇਕ ਦਾ ਇੱਕ ਦੂਜੇ ਖ਼ਿਲਾਫ਼ ਬੋਲਣਾ ਵੀ ਇੱਕ ਡਰਾਮਾ ਹੀ ਹੈ ਜਦੋਂਕਿ ਦੋਵੇਂ ਅੰਦਰੋਂ ਇੱਕ ਹਨ | ਇਨ੍ਹਾਂ ਦੋਵੇਂ ਪਾਰਟੀਆਂ ਦਾ ਮਕਸਦ ਹੈ ਕਿ ਤੀਸਰੀ ਧਿਰ ਨੂੰ ਉੱਭਰ ਨੂੰ ਤੋਂ ਰੋਕਣਾ ਕਿਉਂਕਿ ਇਹ ਦੋਹੇ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ | ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਚੁੱਪ ਰਹਿਣਾ ਵੀ ਸੂਬੇ ਲਈ ਖ਼ਤਰਨਾਕ ਹੈ ਇਸ ਕਰਕੇ ਹਲਕੇ ਦੇ ਲੋਕ ਇਸ ਵਾਰ ਭਾਈ ਅੰਮਿ੍ਤਪਾਲ ਸਿੰਘ ਦਾ ਸਾਥ ਦੇਣਗੇ ਅਤੇ ਆਮ ਆਦਮੀ ਪਾਰਟੀ, ਕਾਂਗਰਸ ਨੂੰ ਹਰਾ ਕੇ ਦਮ ਲੈਣਗੇ |