ਅਹਿਮਦਗੜ੍ਹ, 1 ਅਪ੍ਰੈਲ (ਰਵਿੰਦਰ ਪੁਰੀ)-ਸਮਾਜ ਵਿਚ ਤੇਜ਼ੀ ਨਾਲ ਫੈਲ ਰਹੀ ਨਸ਼ਿਆਂ ਦੀ ਬਿਮਾਰੀ ਨੂੰ ਰੋਕਣ ਲਈ ਸਟੇਟ ਅਵਾਰਡ ਪ੍ਰਾਪਤ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਇਕ ਪ੍ਰਭਾਵਸ਼ਾਲੀ ਅਤੇ ਦੂਰਦਰਸ਼ੀ ਸੁਝਾਅ ਸਾਹਮਣੇ ਆਇਆ ਹੈ | ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ, ਉਪ ਪ੍ਰਧਾਨ ਰੁਪਿੰਦਰ ਮਾਰਬਲ, ਸਕੱਤਰ ਪਿ੍ੰਸੀਪਲ ਬਿਪਨ ਸੇਠੀ ਅਤੇ ਮੀਡੀਆ ਸਲਾਹਕਾਰ ਮਹਾਂਵੀਰ ਗੋਇਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੋਵਾਂ ਦਾ ਡੋਪ ਟੈੱਸਟ ਕਰਨਾ ਕਾਨੂੰਨੀ ਤੌਰ 'ਤੇ ਲਾਜ਼ਮੀ ਬਣਾਇਆ ਜਾਵੇ | ਕਲੱਬ ਦੇ ਆਗੂਆਂ ਨੇ ਇਸ ਸੰਬੰਧੀ ਸਰਕਾਰ ਨੂੰ ਤੁਰੰਤ ਅਤੇ ਢੁਕਵੇਂ ਕਦਮ ਚੁੱਕਣ ਲਈ ਜ਼ੋਰਦਾਰ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਅੱਜਕੱਲ੍ਹ ਕਈ ਘਰ ਇਸ ਕਰ ਕੇ ਉੱਜੜ ਰਹੇ ਹਨ ਕਿ ਨਸ਼ਿਆਂ ਦੇ ਆਦੀ ਨੌਜਵਾਨਾਂ ਨਾਲ ਅਨਜਾਣੇ ਵਿਚ ਵਿਆਹ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕੁੜੀਆਂ ਨੂੰ ਘਰੇਲੂ ਹਿੰਸਾ, ਆਰਥਿਕ ਤੰਗੀ ਅਤੇ ਮਾਨਸਿਕ ਪੀੜਾ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇ ਵਿਆਹ ਤੋਂ ਪਹਿਲਾਂ ਡੋਪ ਟੈੱਸਟ ਲਾਜ਼ਮੀ ਹੋਵੇ ਤਾਂ ਇਹੋ ਜਿਹੀਆਂ ਦੁਖਦਾਈ ਸਥਿਤੀਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ | ਇਨ੍ਹਾਂ ਸਮਾਜ ਸੇਵੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਦਮ ਸਿਰਫ਼ ਧੀਆਂ ਦੀ ਸੁਰੱਖਿਆ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਨੂੰ ਨਸ਼ਿਆਂ ਦੀ ਲਪੇਟ ਤੋਂ ਬਚਾਉਣ ਲਈ ਵੀ ਬੇਹੱਦ ਮਹੱਤਵਪੂਰਨ ਹੈ | ਵਿਆਹ ਇੱਕ ਪਵਿੱਤਰ ਅਤੇ ਜ਼ਿੰਮੇਵਾਰ ਰਿਸ਼ਤਾ ਹੈ, ਜਿਸ ਦੀ ਮਜ਼ਬੂਤੀ ਲਈ ਦੋਵਾਂ ਪਾਸਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਹੁਤ ਜ਼ਰੂਰੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਮੰਗ ਨੂੰ ਕਾਨੂੰਨੀ ਜਾਮਾ ਪਹਿਨਾਉਂਦੀ ਹੈ ਤਾਂ ਇਹ ਨਸ਼ਿਆਂ ਖ਼ਿਲਾਫ਼ ਇੱਕ ਕਰੜਾ ਅਤੇ ਸਪਸ਼ਟ ਸੰਦੇਸ਼ ਹੋਵੇਗਾ, ਜੋ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ 'ਤੇ ਲਿਆਉਣ ਵਿਚ ਮਦਦਗਾਰ ਸਾਬਤ ਹੋਵੇਗਾ |