ਕੁਹਾੜਾ, 1 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ ਨਜ਼ਦੀਕ ਅÏਲਖ ਪੇਂਟ ਐਂਡ ਹਾਰਡਵੇਅਰ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ | ਦੁਕਾਨ ਦੇ ਮਾਲਕ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਦੁਕਾਨ ਦੇ ਉੱਪਰ ਹੀ ਹੈ ਅਤੇ ਰਾਤ 10 ਵਜੇ ਦੇ ਕਰੀਬ ਉਨ੍ਹਾਂ ਨੂੰ ਥੱਲਿਓਾ ਦੁਕਾਨ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ | ਜਦੋਂ ਥੱਲੇ ਆ ਕੇ ਦੇਖਿਆ ਤਾਂ ਦੁਕਾਨ ਨੂੰ ਅੱਗ ਲੱਗ ਚੁੱਕੀ ਸੀ, ਜਿਸ ਦੀ ਤੁਰੰਤ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ ਗਈ ਅਤੇ ਫੋਕਲ ਪੁਆਇੰਟ ਤੋਂ ਫਾਇਰ ਬਿ੍ਗੇਡ ਦੀ ਗੱਡੀ ਨੇ ਕੜੀ ਮਸ਼ੱਕਤ ਤੋਂ ਵੱਧ ਅੱਗ 'ਤੇ ਕਾਬੂ ਪਾਇਆ | ਦੁਕਾਨ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਦੁਕਾਨ ਅੰਦਰ ਪਿਆ ਪੇਂਟ ਅਤੇ ਹਾਰਡਵੇਅਰ ਦਾ ਸਮਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਅਤੇ ਜਿਸ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ | ਅਮਰਜੀਤ ਸਿੰਘ ਨੇ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ | ਇਸ ਸਬੰਧੀ ਬਿਜਲੀ ਵਿਭਾਗ ਦੇ ਐੱਸ. ਡੀ. ਓ. ਗੁਣਦੀਪ ਸਿੰਘ ਮੜੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨ 'ਤੇ ਲੱਗਿਆ ਬਿਜਲੀ ਵਿਭਾਗ ਦਾ ਐਨਰਜੀ ਮੀਟਰ ਬਿਲਕੁਲ ਠੀਕ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸ਼ਾਟ ਸਰਕਟ ਹੋਇਆ ਹੁੰਦਾ ਤਾਂ ਐਨਰਜੀ ਮੀਟਰ ਵੀ ਸੜਿਆ ਹੁੰਦਾ | ਉਨ੍ਹਾਂ ਕਿਹਾ ਫਿਰ ਵੀ ਬਿਜਲੀ ਅਧਿਕਾਰੀ ਨੂੰ ਭੇਜ ਕੇ ਜਾਂਚ ਕਰਵਾ ਦਿੱਤੀ ਜਾਵੇਗੀ |