ਮਾਛੀਵਾੜਾ ਸਾਹਿਬ, 1 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਪਿਛਲੇ ਦਿਨੀਂ ਬਲਾਕ ਕਾਂਗਰਸ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਕਤਲ ਮਾਮਲੇ ਵਿਚ ਕੂੰਮਕਲਾਂ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਮੁੱਖ ਮੁਲਜ਼ਮ ਵਿਜੈ ਕੁਮਾਰ ਤੇ ਉਸ ਦਾ ਸਾਥੀ ਲੱਕੀ ਵਾਸੀ ਇਰਾਕ ਨੂੰ ਕਾਬੂ ਕਰ ਲਿਆ ਗਿਆ | ਮਿ੍ਤਕ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਉਹ ਸਸਕਾਰ ਨਹੀਂ ਕਰਨਗੇ | ਇਸ ਸਬੰਧੀ ਬੀਤੀ ਕੱਲ੍ਹ ਮਾਲਵਾ ਚੌਂਕ ਵਿਖੇ ਕਾਂਗਰਸ ਪਾਰਟੀ ਤੇ ਹੋਰ ਆਗੂਆਂ ਵਲੋਂ ਰੋਸ ਧਰਨਾ ਵੀ ਦਿੱਤਾ ਗਿਆ ਸੀ, ਜਿਸ ਕਾਰਨ ਪੁਲਸ ਪ੍ਰਸ਼ਾਸਨ 'ਤੇ ਦਬਾਅ ਸੀ ਕਿ ਪਰਿਵਾਰ ਤੇ ਲੋਕਾਂ ਵਿਚ ਰੋਹ ਵਧੇ ਉਸ ਤੋਂ ਪਹਿਲਾਂ ਇਨਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇ | ਪੁਲਿਸ ਵਲੋਂ 3 ਤੋਂ 4 ਟੀਮਾਂ ਵੱਖ-ਵੱਖ ਸੂਬਿਆਂ ਵਿਚ ਇਨਾਂ ਦੋਵਾਂ ਦੀ ਗਿ੍ਫ਼ਤਾਰੀ ਲਈ ਭੇਜੀਆਂ ਗਈਆਂ ਸਨ | ਕਾਂਗਰਸ ਪਾਰਟੀ ਹਾਈਕਮਾਂਡ ਵਲੋਂ ਭਲਕੇ 2 ਅਪ੍ਰੈਲ ਨੂੰ ਕਾਤਲਾਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ | ਪਰ ਸ਼ਾਮ ਨੂੰ ਕਾਂਗਰਸ ਆਗੂਆਂ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸੂਚਨਾ ਦਿੱਤੀ ਕਿ ਮੁੱਖ ਮੁਲਜ਼ਮ ਤੇ ਉਸ ਦਾ ਸਾਥੀ ਗਿ੍ਫ਼ਤਾਰ ਕਰ ਲਏ ਹਨ, ਇਸ ਲਈ ਰੋਸ ਧਰਨੇ ਵਾਲੀ ਕੋਈ ਕਾਰਵਾਈ ਨਾ ਕੀਤੀ ਜਾਵੇ | ਜਦੋਂ ਮੁਲਜ਼ਮਾਂ ਦੀ ਗਿ੍ਫ਼ਤਾਰੀ ਸਬੰਧੀ ਏ. ਸੀ. ਪੀ. ਸਾਹਨੇਵਾਲ ਇੰਦਰਜੀਤ ਸਿੰਘ ਬੋਪਾਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਬਾਰੇ ਸੀਨੀਅਰ ਉੱਚ ਅਧਿਕਾਰੀ ਹੀ ਪ੍ਰੈੈੱਸ ਕਾਨਫ਼ਰੰਸ ਕਰ ਕੇ ਜਲਦ ਖ਼ੁਲਾਸਾ ਕਰਨਗੇ |