ਦੋਰਾਹਾ, 1 ਅਪ੍ਰੈਲ (ਜਸਵੀਰ ਝੱਜ)- ਵਿਧਾਨ ਸਭਾ ਹਲਕਾ ਪਾਇਲ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਕਾਲੇ ਅੱਖਰਾਂ 'ਚ ਦਰਜ ਹੋ ਗਿਆ ਹੈ | ਕਿਉਂਕਿ ਪਾਇਲ ਹਲਕੇ ਅਧੀਨ ਆਉਂਦੀ ਬਲਾਕ ਸੰਮਤੀ 'ਮਲੌਦ' ਦੀ ਚੋਣ ਵਿੱਚ ਲੋਕਤੰਤਰ ਦੀ ਹਾਰ ਅਤੇ ਮੌਕਾਪ੍ਰਸਤੀ ਦੀ ਜਿੱਤ ਹੋਈ ਹੈ | ਇਸ ਪਕਾਈ ਖਿੱਚੜੀ ਬਾਰੇ ਹਲਕਾ ਪਾਇਲ ਦੇ ਲੋਕਾਂ ਨੂੰ ਚੇਤੰਨ ਕਰਦੇ ਹੋਏ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਧਮੋਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਪਸੀ ਅੰਦਰ ਖਾਤੇ ਹੋਏ ਸਮਝੌਤੇ ਦੀ ਬਿੱਲੀ ਥੈਲਿਓਾ ਬਾਹਰ ਆ ਗਈ ਹੈ | ਆਪੋ ਆਪਣੀਆਂ ਸਟੇਜਾਂ ਉੱਤੇ ਲੰਮੀਆਂ ਲੰਮੀਆਂ ਬਾਂਹਾਂ ਉਸਾਰ ਕੇ ਇੱਕ ਦੂਜੇ ਨੂੰ ਨਿੰਦਣ ਵਾਲੇ ਅਤੇ ਗਾਲ੍ਹਾਂ ਵਰਗੇ ਬਿਆਨ ਦੇਣ ਵਾਲਿਆਂ ਦਾ, ਇਸ ਗੱਠਜੋੜ ਚੋਣ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੰਜਾਬੀਅਤ ਲਈ ਅਤਿ ਖ਼ਤਰਨਾਕ ਗੱਠਜੋੜ ਸਾਹਮਣੇ ਆ ਗਿਆ ਹੈ | ਲੋਕਾਂ ਨੂੰ ਸਿਆਸੀ ਡਰਾਮੇ ਕਰਕੇ ਬੁੱਧੂ ਬਣਾਉਣ ਵਾਲਿਆਂ ਲਈ, ਹੁਣ ਇਹ ਵੀ ਜ਼ਰੂਰੀ ਹੋ ਗਿਆ ਹੈ, ਕਿ ਜਦੋਂ ਹੁਣ ਦੋਹਾਂ ਪਾਰਟੀਆਂ ਵਿਚ ਸਮਝੌਤਾ ਹੋ ਗਿਆ ਹੈ ਤਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਐਮ. ਐਲ. ਏ. ਲੋਕਾਂ ਨੂੰ ਸਪਸ਼ਟ ਕਰਨ ਕਿ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੋਵਾਂ ਵਿਚੋਂ ਕੌਣ ਉਮੀਦਵਾਰ ਹੋਵੇਗਾ | ਇਸ ਸਮੇਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਸਰਕਲ ਦੋਰਾਹਾ ਦੇ ਪ੍ਰਧਾਨ ਸਰਬਜੀਤ ਸਿੰਘ ਸੇਠੀ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਯੂਥ ਆਗੂ ਗੁਰਦੀਪ ਸਿੰਘ ਬਾਵਾ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਕੁੰਵਰਦੀਪ ਸਿੰਘ ਜੱਗੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |