ਮਾਛੀਵਾੜਾ ਸਾਹਿਬ, 29 ਜਨਵਰੀ (ਮਨੋਜ ਕੁਮਾਰ)-ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਿੰਡ ਝੜੌਦੀ ਵਿਖੇ ਵਿਦਿਆਰਥੀਆਂ ਦੇ ਮਨ ਅੰਦਰ ਕੋਮਲ ਕਲਾਵਾਂ ਨੂੰ ਉਜਾਗਰ ਕਰਨ ਦੇ ਮੰਤਵ ਨਾਲ 'ਕੋਮਲ ਕਲੀਆਂ' ਪ੍ਰਦਰਸ਼ਨੀ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਨਰਸਿੰਗ ਕਲਾਸ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਵੱਖ-ਵੱਖ ਕਲਾਕਿ੍ਤੀਆਂ ਦੇ ਰੂਪ ਵਿਚ ਮਾਡਲ ਅਤੇ ਚਾਰਟ ਤਿਆਰ ਕੀਤੇ | ਸਾਇੰਸ, ਕੰਪਿਊਟਰ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ, ਸਰੀਰਕ ਸਿੱਖਿਆ ਵਿਸ਼ੇ ਨਾਲ ਸੰਬੰਧਿਤ ਬਣਾਏ ਮਾਡਲ ਵਿਦਿਆਰਥੀਆਂ ਦੁਆਰਾ ਲਗਨ ਨਾਲ ਕੀਤੇ ਕੰਮ ਦਾ ਰੂਪ ਪੇਸ਼ ਕਰ ਰਹੇ ਸਨ | ਛੋਟੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਅੱਪੂ ਘਰ ਅਤੇ ਹੋਰ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ | ਆਏ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੁਆਰਾ ਤਿਆਰ ਕੀਤੇ ਮਾਡਲਾਂ ਸੰਬੰਧਿਤ ਪ੍ਰਸ਼ਨ ਕੀਤੇ ਅਤੇ ਵਿਦਿਆਰਥੀਆਂ ਨੇ ਮਾਡਲਾਂ ਦੀ ਜਾਣਕਾਰੀ ਦਿੱਤੀ | ਪਿ੍ੰਸੀਪਲ ਜਸਵਿੰਦਰ ਕੌਰ ਅਤੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਨਾਲ ਨਾਲ ਸਮਾਜ ਵਿਚ ਹਰ ਪੱਖੋਂ ਮੁਕੰਮਲ ਜਾਣਕਾਰੀ ਦੇਣਾ ਇੱਕ ਅਧਿਆਪਕ ਦਾ ਮੁੱਢਲਾ ਫ਼ਰਜ਼ ਹੈ | ਵਾਈਸ ਪਿ੍ੰਸੀਪਲ ਵੰਦਨਾ ਪਰਿਹਾਰ ਅਤੇ ਮੁੱਖ ਕੋਆਰਡੀਨੇਟਰ ਮਾਸਟਰ ਸਤੀਸ਼ ਕੁਮਾਰ ਨੇ ਸਕੂਲ ਕੈਂਪਸ ਵਿਚ ਪੁੱਜੇ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਮਾਸਟਰ ਸਤੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ |