ਬਿਊਨਸ ਆਇਰਸ, 7 ਅਕਤੂਬਰ (ਏਜੰਸੀ)-ਅਰਜਨਟੀਨਾ ਸਮੇਤ ਵਿਸ਼ਵ ਭਰ ਦੇ ਫੁੱਟਬਾਲ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਤੇ ਵਿਸ਼ਵ ਕੱਪ ਜੇਤੂ ਕਪਤਾਨ ਲਿਓਨਲ ਮੈਸੀ ਨੇ ਦੇਸ਼ ਲਈ ਆਪਣੇ ਅਧਿਕਾਰਕ ਵਿਦਾਇਗੀ ਮੈਚ ਨੂੰ ਯਾਦਗਾਰੀ ਬਣਾ ਦਿੱਤਾ। ਉਸ ਨੇ ਬੇਨਿਨ ਖ਼ਿਲਾਫ਼ ਟੀਮ ਦੀ 3-0 ਦੀ ਜਿੱਤ ’ਚ ਪੈਨਲਟੀ ’ਤੇ ਗੋਲ ਕਰਨ ਦੇ ਨਾਲ-ਨਾਲ ਦੋ ਗੋਲ ਕਰਨ ’ਚ ਮਦਦ ਵੀ ਕੀਤੀ। 39 ਸਾਲ ਦੀ ਉਮਰ ’ਚ ਵੀ ਸਿਖਰਲੇ ਪੱਧਰ ’ਤੇ ਖੇਡਦੇ ਹੋਏ ਮੈਸੀ ਨੇ 31 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਹ ਕੌਮੀ ਟੀਮ ’ਚੋਂ ਵਿਦਾਈ ਲੈਣ ਵਾਲੇ ਹਨ।
ਬਿਊਨਸ ਆਇਰਸ ਦੇ ਮੋਨਯੂਮੈਂਟਲ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਹਜ਼ਾਰਾਂ ਪ੍ਰਸੰਸਕਾਂ ਨੇ ਇਸ ਮਹਾਨ ਖਿਡਾਰੀ ਨੂੰ ਜ਼ੋਰਦਾਰ ਤਾੜੀਆਂ ਅਤੇ ਨਾਅਰਿਆਂ (ਓਲੇ ਓਲੇ ਮੈਸੀ) ਦੇ ਨਾਲ ਅੰਤਿਮ ਵਿਦਾਈ ਦਿੱਤੀ। ਅਰਜਨਟੀਨਾ ਦੇ ਇਸ ਸੁਪਰ ਸਟਾਰ ਨੇ 85,000 ਪ੍ਰਸੰਸਕਾਂ ਦੇ ਸਾਹਮਣੇ ਆਪਣੇ 21 ਸਾਲ ਲੰਬੇ ਅੰਤਰਰਾਸ਼ਟਰੀ ਕਰੀਅਰ ਦੀ ਸਮਾਪਤੀ ਕੀਤੀ, ਜਿਸ ’ਚ ਉਸ ਦੇ 126 ਗੋਲ, 2022 ਵਿਸ਼ਵ ਕੱਪ ਦਾ ਖ਼ਿਤਾਬ ਅਤੇ ਦੋ ਕੋਪਾ ਅਮਰੀਕਾ ਖ਼ਿਤਾਬ ਸ਼ਾਮਿਲ ਹਨ। ਉਸ ਦੇ ਨਾਂਅ ਸਭ ਤੋਂ ਵੱਧ ਗੋਲ, ਸਭ ਤੋਂ ਵੱਧ ਮੈਚ (208), ਅੱਠ ਫਾਈਨਲ ਅਤੇ 188 ਸਾਥੀ ਖਿਡਾਰੀਆਂ ਨਾਲ ਖੇਡਣ ਦਾ ਰਿਕਾਰਡ ਹੈ।
ਮੈਸੀ ਆਪਣੇ ਬੇਟਿਆਂ ਥੀਆਗੋ, ਮਾਟੇਓ ਅਤੇ ਸੀਰੋ ਦੇ ਨਾਲ ਉਸ ਸਮੇਂ ਭਾਵੁਕ ਹੋ ਗਏ, ਜਦੋਂ ਅਰਜਨਟੀਨਾ ਦਾ ਰਾਸ਼ਟਰੀ ਗੀਤ ਗਾਇਆ ਗਿਆ।ਇਸ ਮੌਕੇ ਸੰਬੋਧਨ ਕਰਦੇ ਹੋਏ ਮੈਸੀ ਨੇ ਕਿਹਾ ਕਿ ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ, ਕੁਝ ਅਧਿਆਏ ਹੁਣ ਖ਼ਤਮ ਹੋਣ ਵਾਲੇ ਹਨ ਅਤੇ ਇਹ ਉਨ੍ਹਾਂ ’ਚੋਂ ਇਕ ਹੈ, ਜਿਸ ਦੇ ਅੰਤ ਨੇ ਮੈਨੂੰ ਅੰਦਰੋਂ ਬਹੁਤ ਦੁਖੀ ਕੀਤਾ ਹੈ।
ਮਹਾਨ ਫੁੱਟਬਾਲਰ ਡੀਏਗੋ ਮਾਰਾਡੋਨਾ ਦੇ ਉੱਤਰਾਅਧਿਕਾਰੀ ਦੇ ਰੂਪ ’ਚ ਮੈਸੀ ਨੇ 2005 ’ਚ ਸੀਨੀਅਰ ਟੀਮ ਲਈ ਪਹਿਲਾ ਮੈਚ ਖੇਡਿਆ ਸੀ। 2022 ਤੱਕ ਕਲੱਬ ਪੱਧਰ ਤੱਕ ਤਾਂ ਉਨ੍ਹਾਂ ਦਾ ਖੇਡ ਕਰੀਅਰ ਸ਼ਾਨਦਾਰ ਰਿਹਾ ਪਰ ਉਹ ਆਪਣੀ ਕੌਮੀ ਟੀਮ ਨੂੰ ਵਿਸ਼ਵ ਕੱਪ ਦੀ ਟਰਾਫ਼ੀ ਨਹੀਂ ਜਿਤਾ ਸਕੇ ਪਰ 2022 ’ਚ ਕਤਰ ’ਚ ਹੋਏ ਫ਼ੀਫਾ ਵਿਸ਼ਵ ਕੱਪ ਦੌਰਾਨ ਉਨ੍ਹਾਂ ਆਪਣੀ ਕਪਤਾਨੀ ’ਚ ਅਰਜਨਟੀਨਾ ਨੂੰ ਵਿਸ਼ਵ ਕੱਪ ਜਿਤਾਇਆ। ਇਹ ਇਕ ਅਜਿਹੀ ਜਿੱਤ ਸੀ, ਜਿਸ ਨੇ ਉਸ ਨੂੰ ਮਹਾਨ ਖਿਡਾਰੀਆਂ ਦੀ ਸੂਚੀ ’ਚ ਸ਼ਾਮਿਲ ਕਰ ਦਿੱਤਾ। ਇਸ ਤੋਂ ਇਲਾਵਾ ਮੈਸੀ ਨੇ ਰਿਕਾਰਡ 8 ਵਾਰ ਬੈਲੋਨ ਡੀ’ ਓਰ ਪੁਰਸਕਾਰ ਵੀ ਜਿੱਤੇ ਹਨ।