ਖੰਨਾ, 29 ਜਨਵਰੀ (ਹਰਜਿੰਦਰ ਸਿੰਘ ਲਾਲ)-ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ- ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਅਤੇ ਐਨ. ਐੱਸ. ਐੱਸ. ਵਿੰਗ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਆਰਟੀਫ਼ੀਸ਼ਲ ਇੰਟੈਲੀਜੈਂਸ ਫ਼ਾਰ ਆਤਮਨਿਰਭਰ ਭਾਰਤ: ਐਚ. ਈ. ਆਈ. ਪ੍ਰੀ-ਸਮਿਟ ਐਂਗੇਜਮੈਂਟਸ ਟੂਵਰਡਜ਼ ਇੰਡੀਆ ਏ ਆਈ ਇੰਪੈਕਟ ਸਮਿਟ 2026 ਵਿਸ਼ੇ ਉੱਤੇ ਇਕ ਆਨਲਾਈਨ ਜਾਗਰੂਕਤਾ ਸੈਸ਼ਨ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤ੍ਰ ਦੇ ਉਚਾਰਨ ਨਾਲ ਹੋਈ | ਪ੍ਰੋਫੈਸਰ ਕੋਮਲ ਨੇ ਤਰੁਣ ਕਨੋਡੀਆ (ਅਸਿਸਟੈਂਟ ਰਜਿਸਟਰਾਰ, ਆਈ. ਕੇ. ਜੀ. ਪੀ. ਟੀ. ਯੂ. ਮੋਹਾਲੀ ਕੈਂਪਸ-2, ਮੁੱਖ ਵਕਤਾ), ਡਾ. ਚੰਦਰ ਪ੍ਰਕਾਸ਼ (ਪ੍ਰੋਗਰਾਮ ਕੋਆਰਡੀਨੇਟਰ, ਐਨ. ਐੱਸ. ਐੱਸ., ਆਈ. ਕੇ. ਜੀ. ਪੀ. ਟੀ.ਯੂ.), ਡਾ. ਹਰਪ੍ਰੀਤ ਸਿੰਘ (ਡਾਇਰੈਕਟਰ, ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ) ਅਤੇ ਮੌਜੂਦ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ | ਇਸ ਪ੍ਰੋਗਰਾਮ ਵਿਚ ਮੁੱਖ ਵਕਤਾ ਤਰੁਣ ਕਨੋਡੀਆ ਨੇ ਵਿਦਿਆਰਥੀਆਂ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਮਹੱਤਤਾ, ਇਸ ਦੇ ਮੌਜੂਦਾ ਉਪਯੋਗ ਅਤੇ ਭਵਿੱਖ ਵਿੱਚ ਰੋਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਡਾ. ਚੰਦਰ ਪ੍ਰਕਾਸ਼ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ ਸਿਰਫ਼ ਤਕਨੀਕੀ ਵਿਕਾਸ ਦਾ ਸਾਧਨ ਹੀ ਨਹੀਂ, ਸਗੋਂ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਹੈ | ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਡਿਜ਼ਿਟਲ ਯੁੱਗ ਵਿੱਚ ਆਰਟੀਫ਼ੀਸ਼ਲ ਇੰਟੈਲੀਜੈਂਸ ਸਿੱਖਿਆ ਅਤੇ ਉਦਯੋਗ ਦੋਵਾਂ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਵੀ ਨਵੀਂ ਤਕਨੀਕ ਨਾਲ ਜੋੜਨਾ ਸਮੇਂ ਦੀ ਲੋੜ ਹੈ | ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਹਰਨੀਤ ਨੇ ਸ੍ਰੀ ਤਰੁਣ ਕਨੋਡੀਆ, ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਡਾ. ਚੰਦਰ ਪ੍ਰਕਾਸ਼, ਮੌਜੂਦ ਸਾਰੇ ਅਧਿਆਪਕਾਂ, ਐਨ. ਐੱਸ. ਐੱਸ. ਟੀਮ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |