'ਮਾਮਲਾ ਨਾਜਾਇਜ਼ ਰੇਹੜੀਆਂ ਹਟਾਉਣ ਨੂੰ ਲੈ ਕੇ ਦਰਜ ਹੋਏ ਮਾਮਲਾ ਦਾ' ਵਪਾਰ ਮੰਡਲ, ਜਥੇਬੰਦੀਆਂ ਅਤੇ ਸਮਾਜਸੇਵੀਆਂ ਵਲੋਂ ਕੀਤੀ ਅਹਿਮ ਮੀਟਿੰਗ-ਅੱਜ ਧਰਨਾ ਮੁਲਤਵੀ
ਅਜੀਤ ਡੈਸਕ
18-05-2026
ਬਠਿੰਡਾ, 17 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ 'ਚ ਰੇਹੜੀਆਂ ਹਟਾਉਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਕਈ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਸਮਾਜਸੇਵੀ ਗੁਰਵਿੰਦਰ ਸ਼ਰਮਾ ਅਤੇ ਦਲਵੀਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦੇ ਵਪਾਰ ਮੰਡਲ, ਜਥੇਬੰਦੀਆਂ ਅਤੇ ਸਮਾਜਸੇਵੀਆਂ ਵਲੋਂ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਮੀਟਿੰਗ ਕੀਤੀ ਗਈ | ਜਥੇਬੰਦੀਆਂ ਅਨੁਸਾਰ ਉਨ੍ਹਾਂ ਵਲੋਂ ਅੱਜ ਬਠਿੰਡਾ ਸ਼ਹਿਰ 'ਚ ਲਗਾਇਆ ਜਾਣ ਵਾਲਾ ਧਰਨਾ ਮੁਲਤਵੀ ਕੀਤਾ ਗਿਆ ਹੈ | ਇਸ ਮੌਕੇ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਦੱਸਿਆ ਕਿ ਸ਼ਹਿਰ 'ਚ ਸੜਕਾਂ ਉੱਪਰ ਲੱਗ ਰਹੀਆਂ ਨਜਾਇਜ਼ ਰੇਹੜੀਆਂ ਨੂੰ ਹਟਾਉਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਕਈ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗੁਰਵਿੰਦਰ ਸ਼ਰਮਾ ਅਤੇ ਦਲਵੀਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦੋਵੇਂ ਸਮਾਜਸੇਵੀਆਂ ਦੀ ਅਦਾਲਤ ਵਿਚੋਂ ਜ਼ਮਾਨਤ ਮਨਜ਼ੂਰ ਕਰਵਾਉਣ ਤੋਂ ਬਾਅਦ ਉਨ੍ਹਾਂ ਵਲੋਂ ਵੱਡੇ ਖ਼ੁਲਾਸੇ ਕੀਤਾ ਜਾਣਗੇ | ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਮਾਮਲੇ ਦੀ ਸਚਾਈ ਲੋਕਾਂ ਸਾਹਮਣੇ ਰੱਖੀ ਜਾਵੇਗੀ ਅਤੇ ਅਗਲੀ ਰਣਨੀਤੀ ਵੀ ਉਸ ਤੋਂ ਬਾਅਦ ਐਲਾਨੀ ਜਾਵੇਗੀ | ਆਗੂਆਂ ਦਾ ਕਹਿਣਾ ਹੈ ਸਮਾਜਸੇਵੀਆਂ ਉੱਪਰ ਦਰਜ ਮੁਕੱਦਮੇ ਨੂੰ ਲੈ ਕੇ ਸਮਾਜਸੇਵੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਜਥੇਬੰਦੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨੂੰ ਲੈ ਕੇ ਵੱਡਾ ਇਕੱਠ ਕੀਤਾ ਜਾ ਸਕਦਾ ਹੈ ਅਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮਾਲ ਰੋਡ ਐਸੋਸੀਏਸ਼ਨ ਦੇ ਆਗੂ ਮਨੀਤ ਗੁਪਤਾ, ਗੁਡਵਿੱਲ ਸੁਸਾਇਟੀ ਦੇ ਪ੍ਰਧਾਨ ਵਿਜੇ ਬਰੇਜਾ, ਸਿਰਕੀ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸਿੰਗਲਾ, ਗ੍ਰਾਹਕ ਜਾਗੋ ਦੇ ਆਗੂ ਸੰਜੀਵ ਗੋਇਲ, ਰਮਨਦੀਪ ਸਿੰਘ ਖ਼ਾਲਸਾ, ਵਕੀਲ ਪਾਰਸ ਸ਼ਰਮਾ, ਆਰਟੀਆਈ ਐਕਟੀਵਿਸਟ ਹਰਮਿਲਾਪ ਗਰੇਵਾਲ, ਰਾਕੇਸ਼ ਜਿੰਦਲ, ਰਵੀ ਬਰਾੜ, ਵਕੀਲ ਬਲਕਰਨ ਘੁੰਮਣ, ਰਵੀ ਬਰਾੜ, ਕਸ਼ਮੀਰੀ ਲਾਲ, ਅਨੀਸ ਜੈਨ, ਸੰਦੀਪ ਪਾਠਕ, ਸਾਬਕਾ ਕੌਂਸਲਰ ਸੰਜੀਵ ਸੈਣੀ ਆਦਿ ਮੌਜੂਦ ਸਨ |