ਬਠਿੰਡਾ, 17 ਮਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਵਿਚ ਨਸ਼ੇੜੀਆਂ ਵਲੋਂ ਇਕ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚੋਂ ਵੱਡੀ ਮਾਤਰਾ 'ਚ ਨਸ਼ੇ ਦੀ ਲੱਤ ਘੱਟ ਕਰਨ ਵਾਲੀਆਂ 'ਜੀਭ ਥੱਲੇ' ਰੱਖਣ ਵਾਲੀਆਂ ਗੋਲੀਆਂ ਚੋਰੀ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਮੁਹਿੰਮ ਦੀ ਫੂਕ ਕੱਢ ਕੇ ਰੱਖ ਦਿੱਤੀ ਗਈ ਹੈ | ਵੱਡੀ ਗੱਲ ਇਹ ਹੈ ਕਿ ਇਹ ਘਟਨਾ ਇਕ ਮਹੀਨਾ ਪਹਿਲਾਂ ਵਾਪਰੀ ਹੈ, ਪਰ ਅਜੇ ਤੱਕ ਕੇਂਦਰ ਪ੍ਰਬੰਧਕ ਇਸ ਨੂੰ ਅੰਜਾਮ ਦੇਣ ਵਾਲਿਆਂ ਦਾ ਥਹੁ ਪਤਾ ਨਹੀਂ ਲਗਾ ਸਕੇ ਤੇ ਆਖ਼ਰ ਹੁਣ ਪੁਲਿਸ ਕੋਲ ਪਹੁੰਚ ਕਰਕੇ ਪਰਚਾ ਦਰਜ ਕਰਵਾਉਣਾ ਪਿਆ ਹੈ | ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਇਕ ਔਰਤ ਕੇਂਦਰ ਮੁਲਾਜ਼ਮ ਨੇ ਦੱਸਿਆ ਕਿ ਬੀਤੇ 17 ਅਪ੍ਰੈਲ ਨੂੰ ਕੁਝ ਅਣਪਛਾਤੇ ਚੋਰ ਬਠਿੰਡਾ ਦੀ ਢਿੱਲੋਂ ਬਸਤੀ ਵਿਚ ਸਥਿਤ ਨਸ਼ਾ ਮੁਕਤੀ ਕੇਂਦਰ ਦੇ ਸ਼ਾਂਤ ਹਾਲ ਵਿਚ ਰੱਖੀਆਂ 861 ਬੂਪਰੋਨੋਰਫਿਨ ਗੋਲੀਆਂ ਚੋਰੀ ਕਰਕੇ ਲੈ ਗਏ ਹਨ, ਜਿਨ੍ਹਾਂ ਦੀ ਕੀਮਤ 2576 ਰੁਪਏ ਬਣਦੀ ਹੈ | ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਚੋਰਾਂ ਬਾਰੇ ਉਨ੍ਹਾਂ ਕਾਫ਼ੀ ਜਾਂਚ-ਪੜਤਾਲ ਕੀਤੀ, ਪਰ ਉਨ੍ਹਾਂ ਬਾਰੇ ਪਤਾ ਨਹੀਂ ਲੱਗ ਸਕਿਆ | ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਦੇ ਮੁੱਖ ਅਧਿਕਾਰੀ ਦਾ ਕਹਿਣਾ ਸੀ ਕਿ ਬੇਸ਼ੱਕ ਘਟਨਾ ਇਕ ਮਹੀਨਾ ਪੁਰਾਣੀ ਹੈ, ਪਰ ਨਸ਼ਾ ਮੁਕਤੀ ਕੇਂਦਰ ਦੇ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਹੁਣ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਨਸ਼ਾ ਮੁਕਤੀ ਕੇਂਦਰ ਦੇ ਪ੍ਰਬੰਧਕਾਂ ਅਤੇ ਪੁਲਿਸ ਅਨੁਸਾਰ ਇਸ ਘਟਨਾ ਨੂੰ ਅੰਜਾਮ ਨਸ਼ੇੜੀ ਕਿਸਮ ਦੇ ਲੋਕਾਂ ਵਲੋਂ ਦਿੱਤਾ ਲਗਦਾ ਹੈ, ਕਿਉਂਕਿ ਕੇਂਦਰ 'ਚੋਂ ਸਿਰਫ਼ ਗੋਲੀਆਂ ਹੀ ਚੋਰੀ ਕੀਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਇਹ ਗੋਲੀਆਂ ਨਸ਼ਾ ਮੁਕਤੀ ਕੇਂਦਰਾਂ ਵਲੋਂ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਦੀ ਲਤ ਛੁਡਵਾਉਣ ਲਈ ਬਦਲਵੇਂ ਪ੍ਰਬੰਧ ਵਜੋਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਵਰਤੋਂ ਜੀਭ ਹੇਠਾਂ ਰੱਖ ਕੇ ਕਰਨ ਲਈ ਕਿਹਾ ਜਾਂਦਾ ਹੈ, ਜਿਸ ਲਈ ਇਹ ਗੋਲੀਆਂ 'ਜੀਭ ਵਾਲੀ ਗੋਲੀ' ਦੇ ਨਾਂਅ ਨਾਲ ਆਮ ਤੌਰ 'ਤੇ ਪ੍ਰਚਲਿਤ ਹਨ | ਐਨੀ ਵੱਡੀ ਮਾਤਰਾ ਵਿਚ ਇਕ ਸਰਕਾਰੀ ਨਸ਼ਾ ਮੁਕਤੀ ਕੇਂਦਰ 'ਚੋਂ ਇਨ੍ਹਾਂ ਗੋਲੀਆਂ ਦਾ ਚੋਰੀ ਹੋਣਾ ਕੇਂਦਰ ਦੀ ਸੁਰੱਖਿਆ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ |